ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਅੱਜ ਤੋਂ ਮੁੜ ਹੋਣਾ ਪਵੇਗਾ ਖੱਜਲ ਖੁਆਰ

Global Team
2 Min Read

ਚੰਡੀਗੜ੍ਹ: ਜੇਕਰ ਤੁਸੀਂ ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। 14 ਅਗਸਤ, 2025 ਯਾਨੀ ਅੱਜ ਤੋਂ ਸੂਬੇ ਦੀਆਂ ਸਰਕਾਰੀ ਬੱਸਾਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ। ਪੰਜਾਬ ਰੋਡਵੇਜ਼, ਪਨਬੱਸ, ਅਤੇ ਪੀ.ਆਰ.ਟੀ.ਸੀ. ਦੇ ਕੰਟਰੈਕਟ ਵਰਕਰਜ਼ ਯੂਨੀਅਨ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ।

ਯੂਨੀਅਨ ਨੇ ਐਲਾਨ ਕੀਤਾ ਹੈ ਕਿ 15 ਅਗਸਤ ਨੂੰ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦੇ ਝੰਡਾ ਲਹਿਰਾਉਣ ਵਾਲੇ ਸਮਾਗਮਾਂ ਦੌਰਾਨ ਕਾਲੇ ਚੋਲੇ ਪਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਤੱਕ ਮੈਨੇਜਮੈਂਟ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦਾ, ਹੜਤਾਲ ਜਾਰੀ ਰਹੇਗੀ। ਮੰਗਾਂ ਵਿੱਚ ਪ੍ਰਾਈਵੇਟ ਕਿਲੋਮੀਟਰ ਸਕੀਮ ਦੀਆਂ ਬੱਸਾਂ ਬੰਦ ਕਰਨਾ, ਠੇਕੇਦਾਰੀ ਪ੍ਰਥਾ ਖਤਮ ਕਰਨਾ, ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਮੇਤ ਹੋਰ ਮੰਗਾਂ ਸ਼ਾਮਲ ਹਨ।

ਮੁਲਾਜ਼ਮਾਂ ਦਾ ਦੋਸ਼ ਹੈ ਕਿ ਸਰਕਾਰ ਨੇ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਕਰਨ, ਤਨਖਾਹਾਂ ਨੂੰ ਅੰਤਿਮ ਰੂਪ ਦੇਣ, ਅਤੇ ਮੰਗਾਂ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ। ਇਸ ਕਾਰਨ ਉਹ ਵਿਰੋਧ ਕਰ ਰਹੇ ਹਨ ਅਤੇ ਸਾਰੀਆਂ ਬੱਸਾਂ ਨੂੰ ਨਜ਼ਦੀਕੀ ਬੱਸ ਅੱਡਿਆਂ ‘ਤੇ ਰੋਕ ਦੇਣਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਜਲਦੀ ਕਾਰਵਾਈ ਨਾ ਕੀਤੀ, ਤਾਂ ਉਹ ਸੜਕਾਂ ‘ਤੇ ਬੱਸਾਂ ਖੜ੍ਹੀਆਂ ਕਰਕੇ ਸੜਕ ਜਾਮ ਕਰਨਗੇ।

ਪੀ.ਆਰ.ਟੀ.ਸੀ. ਦੀਆਂ ਬੱਸਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ, ਰਾਜਸਥਾਨ, ਅਤੇ ਉਤਰਾਖੰਡ ਸਮੇਤ 577 ਰੂਟਾਂ ‘ਤੇ ਚੱਲਦੀਆਂ ਹਨ, ਜੋ ਰੋਜ਼ਾਨਾ ਲਗਭਗ 3,55,827 ਕਿਲੋਮੀਟਰ ਦਾ ਸਫ਼ਰ ਕਰਦੀਆਂ ਹਨ। ਇਨ੍ਹਾਂ ਵਿੱਚ 3,065 ਮੁਲਾਜ਼ਮ ਕੰਮ ਕਰਦੇ ਹਨ, ਜਿਨ੍ਹਾਂ ਵਿੱਚ 1,310 ਨਿਯਮਤ ਅਤੇ 1,755 ਆਊਟਸੋਰਸਿੰਗ ਮੁਲਾਜ਼ਮ ਹਨ। ਇਸ ਹੜਤਾਲ ਨਾਲ ਆਮ ਜਨਤਾ ਨੂੰ ਸਭ ਤੋਂ ਵੱਧ ਪਰੇਸ਼ਾਨੀ ਹੋਵੇਗੀ।

Share This Article
Leave a Comment