ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅਤੇ ਸਿਆਸੀ ਵਿਰੋਧ – ਆਮ ਲੋਕ ਹਾਸ਼ੀਏ ‘ਤੇ

TeamGlobalPunjab
5 Min Read

-ਅਵਤਾਰ ਸਿੰਘ

ਅੱਜ ਕੱਲ੍ਹ ਪੰਜਾਬ ਵਿੱਚ ਸਿਆਸੀ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਖੁਸ਼ਹਾਲ ਕਹਾਉਣ ਵਾਲਾ ਸੂਬਾ ਪੰਜਾਬ ਇਸ ਸਮੇਂ ਦੂਹਰੀ ਮਾਰ ਝੱਲ ਰਿਹਾ ਹੈ। ਇਕ ਪਾਸੇ ਕੋਰੋਨਾ ਦੀ ਮਾਰ ਦੂਜੇ ਪਾਸੇ ਕਿਸਾਨ ਆਪਣੀਆਂ ਮੰਗਾਂ ਅਰਥਾਤ ਨਵੇਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰਾਂ ਉਪਰ ਆਪਣੇ ਘਰ ਛੱਡ ਕੇ ਧਰਨਾ ਦੇ ਰਹੇ ਹਨ। ਰਾਜ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕੇਵਲ 2022 ਦੀਆਂ ਚੋਣਾਂ ਹੀ ਨਜ਼ਰ ਆ ਰਹੀਆਂ ਹਨ। ਉਹ ਇਸ ਲਈ ਤਰਲੋ-ਮੱਛੀ ਹੋ ਰਹੇ ਕਿ ਕਿਵੇਂ ਪੰਜਾਬ ਦੇ ਲੋਕਾਂ ਨੂੰ ਭਰਮਾ ਕੇ ਆਪਣੇ ਪਿਛੇ ਲਾ ਕੇ ਵੋਟਾਂ ਬਟੋਰੀਆਂ ਜਾਣ ਤੇ ਰਾਜ ਉਪਰ ਕਬਜ਼ਾ ਕੀਤਾ ਜਾ ਸਕੇ। ਉਹ ਕੋਈ ਵੀ ਮੌਕਾ ਹੱਥੋਂ ਨਹੀਂ ਗੁਆ ਰਹੇ।

ਬੀਤੇ ਸੋਮਵਾਰ ਨੂੰ ਬਜਟ ਸੈਸ਼ਨ ਸ਼ੁਰੂ ਹੋਇਆ। ਦੂਜੇ ਪਾਸੇ ਸੱਤਾਧਾਰੀ ਕਾਂਗਰਸ ਦੇ ਵਿਰੋਧੀਆਂ ਨੇ ਵੀ ਕਮਰਕੱਸੇ ਹੋਏ ਸਨ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਸੂਬਾ ਸਰਕਾਰ ਅਤੇ ਕੇਂਦਰ ਵਿਰੁੱਧ ਹਮਲਾ ਕਰਨ ਦਾ ਵਧੀਆ ਮੌਕਾ ਸੀ। ਬਸ ਫੇਰ ਕੀ ਸੀ ਕਰ ਲਏ ਆਪੋ ਆਪਣੇ ਸਮਾਨ ਇਕੱਠੇ। ਸੈਕਲ ਗ੍ਰੀਸ ਕਰਵਾ ਕੇ ਕਰ ਲਈਆਂ ਝੰਡੀਆਂ ਤਿਆਰ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਾਈਕਲ ਮਾਰਚ ਨੇ ਉਨ੍ਹਾਂ ਤੋਂ ਰਾਜਪਾਲ ਦੇ ਭਾਸ਼ਣ ਦੇ ਵਿਰੋਧ ਦਾ ਉਹ ਮੌਕਾ ਖੁੰਝਾ ਲਿਆ ਜਿਸ ਨੂੰ ਪਹਿਲਾਂ ਹੀ ਅਕਾਲੀ ਦਲ ਨੇ ਆਪਣੇ ਹੱਥ ’ਚ ਲੈ ਲਿਆ ਸੀ। ਰਾਜਪਾਲ ਦਾ ਭਾਸ਼ਣ ਸ਼ੁਰੂ ਹੋਣ ਮੌਕੇ ਕੁਝ ‘ਆਪ’ ਵਿਧਾਇਕ ਹਾਜ਼ਰ ਸਨ। ਜਦੋਂ ਸਾਰੇ ‘ਆਪ’ ਵਿਧਾਇਕ ਆਏ ਉਦੋਂ ਤੱਕ ਸਪੀਕਰ ਦੇ ਅੱਗੇ ਅਕਾਲੀ ਵਿਧਾਇਕ ਥਾਂ ਮੱਲ ਚੁੱਕੇ ਸਨ।

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਜ਼ੋਰਦਾਰ ਹੰਗਾਮੇ ਦੌਰਾਨ ਸ਼ੁਰੂ ਹੋਇਆ। ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਏ ਬਜਟ ਸੈਸ਼ਨ ਦੀ ਮੀਟਿੰਗ ਪੂਰੀ ਤਰ੍ਹਾਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ’ਚ ਉਲਝ ਕੇ ਰਹਿ ਗਈ। ਰਾਜਪਾਲ ਨੇ ਰੌਲਾ-ਰੱਪਾ ਦੇਖ ਕੇ ਆਪਣਾ ਭਾਸ਼ਣ ਸਮੇਟਣਾ ਬੇਹਤਰ ਸਮਝਿਆ। ਜਦੋਂ ਮੀਟਿੰਗ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਰਾਜਪਾਲ ਦੇ ਸਦਨ ’ਚ ਦਾਖਲ ਹੋਣ ਮਗਰੋਂ ਹੀ ‘ਗੋ ਬੈਕ’ ਵਾਪਸ ਜਾਓ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਗਵਰਨਰ ਦੇ ਭਾਸ਼ਣ ਦਾ ਵਿਰੋਧ ਕੀਤਾ। ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੇ ਤਾਂ ਭਾਸ਼ਣ ਦੌਰਾਨ ਹੀ ਰਾਜਪਾਲ ਦੇ ਭਾਸ਼ਣ ਦੀਆਂ ਲਿਖਤੀ ਕਾਪੀਆਂ ਪਾੜ ਕੇ ਸਪੀਕਰ ਵੱਲ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਹ ਵਿਧਾਨ ਸਭਾ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ ਕਿ ਰਾਜਪਾਲ ਨੂੰ ਸਦਨ ਦੇ ਬਾਹਰ ਵੀ ਨਮੋਸ਼ੀ ਝੱਲਣੀ ਪਈ। ਰਾਜਪਾਲ ਦੇ ਭਾਸ਼ਣ ਨੇ ਖੇਤੀ ਕਾਨੂੰਨਾਂ ’ਤੇ ਪੰਜਾਬ ਵਿਧਾਨ ਸਭਾ ਵੱਲੋਂ ਲਏ ਸਟੈਂਡ ਦੀ ਤਾਈਦ ਵੀ ਕੀਤੀ। ਸ਼੍ਰੀ ਬਦਨੌਰ ਨੇ ਅੰਗਰੇਜ਼ੀ ’ਚ ਆਪਣਾ ਭਾਸ਼ਣ ਸ਼ੁਰੂ ਕੀਤਾ। ਵਿਰੋਧੀ ਧਿਰਾਂ ਦੇ ਰੌਲੇ-ਰੱਪੇ ਕਾਰਨ 19 ਕੁ ਮਿੰਟਾਂ ’ਚ ਹੀ ਸਪੀਚ ਸਮੇਟ ਦਿੱਤੀ।

ਰਾਜਪਾਲ ਦੇ ਉਦਘਾਟਨੀ ਭਾਸ਼ਣ ਦੌਰਾਨ ਖੇਤੀ ਕਾਨੂੰਨਾਂ ਦਾ ਮੁੱਦਾ ਭਾਰੂ ਰਿਹਾ। ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾ ਸਦਨ ’ਚੋਂ ਵਾਕਆਊਟ ਹੀ ਕਰ ਗਏ। ਸਾਰੀ ਕਾਰਵਾਈ ਦੌਰਾਨ ਨਾਅਰੇਬਾਜ਼ੀ ਹੁੰਦੀ ਰਹੀ। ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਸ਼ਰਨਜੀਤ ਸਿੰਘ ਢਿਲੋਂ ਨੇ ਕਾਂਗਰਸ ਸਰਕਾਰ ਉਪਰ ਵਿਅੰਗ ਕੀਤੇ।

ਸੋਮਵਾਰ ਨੂੰ ਭਾਜਪਾ ਦੇ ਦੋ ਵਿਧਾਇਕ ਅਰੁਣ ਨਾਰੰਗ ਤੇ ਦਿਨੇਸ਼ ਬੱਬੂ ਗ਼ੈਰਹਾਜ਼ਰ ਰਹੇ। ਪਿਛਲੇ ਵਿਸ਼ੇਸ਼ ਸੈਸ਼ਨਾਂ ’ਚੋਂ ਵੀ ਇਹ ਵਿਧਾਇਕ ਗ਼ੈਰਹਾਜ਼ਰ ਰਹੇ ਸਨ। ਕੋਰੋਨਾ ਕਰਕੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੀ ਸਦਨ ਵਿੱਚ ਨਾ ਪਹੁੰਚੇ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਇਸ ਬਜਟ ਸੈਸ਼ਨ ਵਿੱਚ ਨਾ ਪੁੱਜੇ। ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਵੀ ਕਿਤੇ ਨਜ਼ਰ ਨਹੀਂ ਆਏ।

ਰਿਪੋਰਟਾਂ ਮੁਤਾਬਿਕ ਵੀਪੀ ਸਿੰਘ ਬਦਨੌਰ ਨੂੰ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਵਜੋਂ ਵਿਧਾਨ ਸਭਾ ਦੇ ਸਦਨ ਦੇ ਬਾਹਰ ਵੀ ਵਿਰੋਧ ਝੱਲਣਾ ਪਿਆ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਰਾਜਪਾਲ ਦੇ ਭਾਸ਼ਣ ਮਗਰੋਂ ਵਿਧਾਨ ਸਭਾ ਸਕੱਤਰੇਤ ’ਚ ‘ਗਵਰਨਰ ਗੇਟ’ ’ਤੇ ਰਾਜਪਾਲ ਦਾ ਰਾਹ ਰੋਕ ਲਿਆ। ਇਸ ਕਾਰਨ ਉਹ ਵਿਰੋਧ ਨੂੰ ਦੇਖਦੇ ਹੋਏ ਸਕੱਤਰੇਤ ਵਿੱਚ ਮਾਹੌਲ ਸ਼ਾਂਤ ਹੋਣ ਦੀ ਉਡੀਕ ਕਰਦੇ ਰਹੇ। ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਦੇ ਵਿਧਾਇਕ ਇੱਕ-ਦੂਜੇ ਤੋਂ ਦੂਰੀ ’ਤੇ ‘ਰਾਜਪਾਲ ਗੇਟ’ ਕੋਲ ਖੜ੍ਹ ਕੇ ਨਾਅਰੇ ਮਾਰਦੇ ਰਹੇ। ਅਚਾਨਕ ਰਾਜਪਾਲ ਦੀਆਂ ਗੱਡੀਆਂ ਜਦੋਂ ਵਿਸ਼ੇਸ਼ ਗੇਟ ਤੋਂ ਹਟਾ ਦਿੱਤੀਆਂ ਗਈਆਂ ਅਤੇ ਵਿਰੋਧੀ ਵਿਧਾਇਕਾਂ ਨੇ ਰੌਲਾ ਪਾ ਦਿੱਤਾ ਕਿ ਰਾਜਪਾਲ ਸਕੱਤਰੇਤ ਦੇ ਪਿਛਲੇ ਦਰਵਾਜਿਓਂ ਚਲੇ ਗਏ ਹਨ। ਰਾਜਪਾਲ ਨੇ ‘ਰਾਜਪਾਲ ਗੇਟ’ ਤੋਂ ਗੱਡੀਆਂ ਹਟਾ ਕੇ ਝਕਾਨੀ ਦਿੱਤੀ ਸੀ।

ਇਸੇ ਤਰ੍ਹਾਂ ਵਿਰੋਧੀ ਧਿਰਾਂ ਦੇ ਵਿਧਾਇਕਾਂ ਨੇ ਮੰਗਲਵਾਰ ਨੂੰ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਖੂਬ ਹੰਗਾਮਾ ਕੀਤਾ। ਉਨ੍ਹਾਂ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਘੇਰ ਲਿਆ। ਹਾਲਾਂਕਿ ਉਨ੍ਹਾਂ ਮਰਯਾਦਾ ਭੰਗ ਨਾ ਕਰਨ ਦੀ ਅਪੀਲ ਵੀ ਕੀਤੀ। ਅਜਿਹੇ ਮਾਹੌਲ ਵਿੱਚ ਆਮ ਆਦਮੀ ਦੀਆਂ ਮੰਗਾਂ/ਲੋੜਾਂ ਹਰ ਵਾਰ ਸਿਆਸਤ ਦੀ ਭੇਟ ਚੜ੍ਹ ਜਾਂਦੀਆਂ ਹਨ। ਇਸ ਸਰਕਾਰ ਦਾ ਇਹ ਆਖਰੀ ਬਜਟ ਸੈਸ਼ਨ ਸੀ, ਹੁਣ ਦੇਖੋ ਅਗਲੇ ਸਾਲ ਦਾ ਬਜਟ ਕੌਣ ਪੇਸ਼ ਕਰਦਾ।

Share This Article
Leave a Comment