ਪੰਜਾਬ ਸਰਕਾਰ ਅਤੇ ਕਿਸਾਨਾਂ ਦੀ ਗੱਲਬਾਤ ਰਹੀ ਬੇਨਤੀਜਾ, ਨਹੀਂ ਬਣੀ ਗੰਨੇ ਦੇ ਭਾਅ ਨੂੰ ਲੈ ਕੇ ਸਹਿਮਤੀ

TeamGlobalPunjab
2 Min Read

ਚੰਡੀਗੜ੍ਹ : ਗੰਨੇ ਦੀ ਬਕਾਇਆ ਰਾਸ਼ੀ ਅਤੇ ਭਾਅ ਨੂੰ ਲੈ ਕੇ ਕਿਸਾਨਾਂ ਅਤੇ ਪੰਜਾਬ ਸਰਕਾਰ ਵਿਚਾਲੇ ਅੱਜ ਹੋਈ ਮੀਟਿੰਗ ਬੇਨਤੀਜਾ ਰਹੀ।ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਹੋਈ ਇਸ ਮੀਟਿੰਗ ਦੌਰਾਨ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਕਿਸਾਨਾਂ ਵਿਚਾਲੇ ਗੰਨੇ ਦੀ ਲਾਗਤ ਮੁੱਲ ਨੂੰ ਲੈ ਕੇ ਕਾਫ਼ੀ ਦੇਰ ਤੱਕ ਚਰਚਾ ਹੁੰਦੀ ਰਹੀ।

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜੋ ਹਾਲ ਹੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਏ ‘ਗੰਨਾ ਵਿਕਾਸ ਗਰੁੱਪ’ ਦੇ ਚੇਅਰਮੈਨ ਹਨ, ਨੇ ਪਹਿਲਾਂ ਗਰੁੱਪ ਦੀ ਮੀਟਿੰਗ ਕੀਤੀ ਅਤੇ ਫਿਰ ਗੰਨਾ ਕਿਸਾਨਾਂ ਨਾਲ ਬੈਠਕ ਕੀਤੀ। ਇਸ ਮੀਟਿੰਗ ਵਿੱਚ ਸਭ ਤੋਂ ਵੱਡਾ ਰੇੜਕਾ ਗੰਨੇ ਦੇ ਭਾਅ ਨੂੰ ਲੈ ਕੇ ਬਣਿਆ।

ਕਿਸਾਨ ਦਾਅਵਾ ਕਰ ਰਹੇ ਸਨ ਕਿ ਗੰਨੇ ਦੀ ਕੌਸਟ ਆਫ਼ ਪ੍ਰੋਡਕਸ਼ਨ 385 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪੈ ਰਿਹਾ ਹੈ ਜਦਕਿ ਸਰਕਾਰ ਇਹ ਮੰਨ ਗਈ ਸੀ ਕਿ 350 ਰੁਪਏ ਪ੍ਰਤੀ ਕੁਇੰਟਲ ਦੀ ਲਾਗਤ ਪੈ ਸਕਦੀ ਹੈ। ਕਾਫ਼ੀ ਦੇਰ ਤੱਕ ਚੱਲੀ ਮੀਟਿੰਗ ਦੌਰਾਨ ਕਿਸਾਨ ਅੜੇ ਰਹੇ ਕਿ ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਕੋਈ ਹੱਲ ਨਾ ਨਿਕਲਦਾ ਵੇਖ ਮੀਟਿੰਗ ਨੂੰ ਖ਼ਤਮ ਕਰ ਦਿੱਤਾ ਗਿਆ, ਨਤੀਜਾ ਬੇਸਿੱਟਾ ਰਿਹਾ।

 

- Advertisement -

 

ਹੁਣ ਕਿਸਾਨਾਂ ਅਤੇ ਸਰਕਾਰ ਦੀ ਅਗਲੀ ਮੀਟਿੰਗ ਕੱਲ੍ਹ ਯਾਨੀ ਸੋਮਵਾਰ ਦੁਪਹਿਰ ਸਾਢੇ ਤਿੰਨ ਵਜੇ ਜੰਲਧਰ ਵਿਖੇ ਰੱਖੀ ਗਈ ਹੈ। ਇਸ ‘ਚ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦੇ ਸਹਿਕਾਰਤਾ ਮਹਿਕਮੇ ਦੇ ਅਫ਼ਸਰ, ਖੇਤੀਬਾੜੀ ਯੂਨੀਵਰਸਿਟੀ ਦੇ ਅਫ਼ਸਰ ਸ਼ਾਮਲ ਹੋਣਗੇ।

ਫਿਲਹਾਲ ਕਿਸਾਨਾਂ ਨੇ ਧਰਨਾ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰੱਖਣ ਦੀ ਗੱਲ ਆਖੀ ਹੈ। ਜ਼ਿਕਰਯੋਗ ਹੈ ਕਿ ਗੰਨੇ ਦੀ ਕੀਮਤ ‘ਚ ਵਾਧਾ ਅਤੇ ਬਕਾਇਆ ਰਾਸ਼ੀ ਲੈਣ ਲਈ ਪੰਜਾਬ ਸਰਕਾਰ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਜਲੰਧਰ-ਦਿੱਲੀ ਨੈਸ਼ਨਲ-ਹਾਈਵੇਅ ‘ਤੇ ਧਰਨਾ ਲਗਾਇਆ ਹੋਇਆ ਹੈ, ਜਿਸਦਾ ਐਤਵਾਰ ਨੂੰ ਤੀਜਾ ਦਿਨ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਦਿਨ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਮੰਗਲਵਾਰ ਸਵੇਰੇ ਦੱਸ ਵਜੇ ਤੱਕ ਜੇਕਰ ਕੈਪਟਨ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੂਰੇ ਪੰਜਾਬ ਵਿਚ ਹਾਈਵੇਅ ਜਾਮ ਕੀਤੇ ਜਾਣਗੇ।

- Advertisement -
Share this Article
Leave a comment