ਨਿਊਜ ਡੈਸਕ : ਪੰਜਾਬ ਸਰਕਾਰ ਅਤੇ ਕਿਸਾਨਾਂ ਦਾ ਆਪਸੀ ਵਿਵਾਦ ਅੱਜ ਕੱਲ੍ਹ ਸਿਖਰ ‘ਤੇ ਹੈ। ਲਗਾਤਾਰ ਇੱਕ ਦੂਜੇ ਖਿਲਾਫ ਬਿਆਨਬਾਜੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦਰਮਿਆਨ ਹੁਣ ਕਿਸਾਨਾਂ ਨੇ ਸਰਕਾਰ ਖਿਲਾਫ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਦਰਅਸਲ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਮੁਆਵਜਾ ਦੇਣ ‘ਚ ਵੱਡੇ ਪੱਧਰ ‘ਤੇ ਘਪਲੇਬਾਜੀ ਕੀਤੀ ਜਾ ਰਹੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਵੱਟ ਦੇ ਇੱਕ ਪਾਸੇ ਕਿਸਾਨ ਨੂੰ ਦੋ ਕਰੋੜ ਤੋਂ ਵਧੇਰੇ ਮੁਆਵਜਾ ਦਿੱਤਾ ਜਾ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਉਸੇ ਥਾਂ ‘ਤੇ ਸਿਰਫ 65 ਲੱਖ ਰੁਪਏ। ਸੋ ਇਸ ਤਰ੍ਹਾਂ ਵੱਡੇ ਪੱਧਰ ‘ਤੇ ਘਪਲੇਬਾਜੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਕੋਈ ਵੀ ਦੋਸ਼ੀ ਅਧਿਕਾਰੀ ਹੈ ਉਸ ਖਿਲਾਫ ਬਣਦੀ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕਿਸਾਨਾਂ ਨੇ ਕਿਹਾ ਕਿ ਦਿੱਤੇ ਗਏ ਪੈਸਿਆਂ ਦਾ ਰੀਵਿਊ ਹੋਣਾ ਚਾਹੀਦਾ ਹੈ।
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਜਦੂਰਾਂ ਅਤੇ ਕਿਸਾਨਾਂ ਦਾ ਕਰਜਾ ਮਾਫ ਕਰਨ ਦੀ ਮੰਗ ਸਰਕਾਰ ਪਾਸੋਂ ਕੀਤੀ ਜਾ ਰਹੀ ਹੈ ਜਿਹੜਾ ਕਿ ਸਰਕਾਰ ਵੱਲੋਂ ਮੰਨਿਆਂ ਵੀ ਗਿਆ ਹੈ ਪਰ ਕਾਰਵਾਈ ਨੂੰ ਅਮਲੀ ਜਾਮਾਂ ਨਹੀਂ ਪਹਿਣਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਕੱਲ੍ਹ ਤੋਂ ਮਰਨ ਵਰਤ ਸ਼ੁਰੂ ਕਰਨਗੇ।