ਚੰਡੀਗੜ੍ਹ: ਪੰਜਾਬ ਵਿੱਚ ਹੜ੍ਹ ਅਤੇ ਭਾਰੀ ਮੀਂਹ ਕਾਰਨ ਹਾਲਾਤ ਬਹੁਤ ਵਿਗੜ ਗਏ ਹਨ। ਇਸ ਖਤਰਨਾਕ ਸਥਿਤੀ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਰਾਜ ਸਰਕਾਰਾਂ ਅਤੇ ਖਾਸ ਤੌਰ ’ਤੇ ਕੇਂਦਰ ਸਰਕਾਰ ਨੂੰ ਪੰਜਾਬ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਦੇ ਸਾਰੇ ਸੰਸਦ ਮੈਂਬਰ ਅਤੇ ਵਿਧਾਇਕ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਪੰਜਾਬ ਮੁੱਖ ਮੰਤਰੀ ਹੜ੍ਹ ਰਾਹਤ ਕੋਸ਼ ਵਿੱਚ ਦਾਨ ਕਰ ਰਹੇ ਹਨ। ਪੰਜਾਬ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਆਪ ਦੇ ਸਾਰੇ ਵਰਕਰ ਦਿਨ-ਰਾਤ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ।
ਅਰਵਿੰਦ ਕੇਜਰੀਵਾਲ ਨੇ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਪੰਜਾਬ ਸਿਰਫ ਸਾਡੇ ਦੇਸ਼ ਦਾ ਇੱਕ ਸੂਬਾ ਨਹੀਂ, ਸਗੋਂ ਹਿੰਦੁਸਤਾਨ ਦੀ ਮਜ਼ਬੂਤ ਢਾਲ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਵਿਦੇਸ਼ੀ ਹਮਲਾਵਰ ਸਾਡੇ ਦੇਸ਼ ਵੱਲ ਵਧਿਆ, ਪੰਜਾਬ ਨੇ ਸਭ ਤੋਂ ਪਹਿਲਾਂ ਆਪਣੀ ਛਾਤੀ ’ਤੇ ਵਾਰ ਸਹਿਆ। ਭਾਰਤ ’ਤੇ ਹੋਏ ਸਾਰੇ ਹਮਲਿਆਂ ਨੂੰ ਪੰਜਾਬ ਨੇ ਆਪਣੇ ਸੀਨੇ ’ਤੇ ਝੱਲ ਕੇ ਪੂਰੇ ਦੇਸ਼ ਦੀ ਰਾਖੀ ਕੀਤੀ।
ਹਰ ਮੁਸ਼ਕਲ ਘੜੀ ਵਿੱਚ ਪੰਜਾਬ ਅੱਗੇ ਰਿਹਾ
ਉਨ੍ਹਾਂ ਨੇ ਕਿਹਾ ਕਿ ਹਰ ਮੁਸ਼ਕਲ ਸਮੇਂ ਵਿੱਚ ਪੰਜਾਬ ਸਭ ਤੋਂ ਅੱਗੇ ਖੜ੍ਹਾ ਰਿਹਾ ਹੈ। ਇਹ ਉਹੀ ਪੰਜਾਬ ਹੈ, ਜਿਸ ਨੇ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਬੇਟਿਆਂ ਦੀ ਅਹੁਤੀ ਦਿੱਤੀ ਅਤੇ ਸਰਹੱਦਾਂ ਦੀ ਰਾਖੀ ਲਈ ਅਣਗਿਣਤ ਸ਼ਹਾਦਤਾਂ ਦਿੱਤੀਆਂ। ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਸਭ ਤੋਂ ਵੱਧ ਪੰਜਾਬੀ ਹੀ ਕਾਲੇ ਪਾਣੀ ਗਏ। ਇਸ ਮਿੱਟੀ ਦੇ ਕਣ-ਕਣ ਵਿੱਚ ਮਰ ਮਿਟਣ ਦਾ ਜਜ਼ਬਾ ਹੈ।
ਕੇਜਰੀਵਾਲ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਭਾਰਤ ਮਾਂ ਦੀ ਰਾਖੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ, ਤਾਂ ਜੋ ਬਾਕੀ ਦੇਸ਼ ਮਹਿਫੂਜ਼ ਰਹਿ ਸਕੇ। ਪੰਜਾਬ ਪੰਜ ਦਰਿਆਵਾਂ ਦੀ ਉਹ ਪਵਿੱਤਰ ਧਰਤੀ ਹੈ, ਜਿਸ ਦੇ ਪਾਣੀ ਨਾਲ ਨਾ ਸਿਰਫ ਫਸਲਾਂ ਸਗੋਂ ਗਿਆਨ ਅਤੇ ਵੀਰਤਾ ਦੀਆਂ ਗਾਥਾਵਾਂ ਵੀ ਸਿੰਜੀਆਂ ਗਈਆਂ ਹਨ। ਇਹ ਉਹ ਧਰਤੀ ਹੈ, ਜਿੱਥੇ ਵੇਦਾਂ ਦੀਆਂ ਰਚਨਾਵਾਂ ਗੂੰਜੀਆਂ ਅਤੇ ਗੁਰੂਆਂ ਦੀ ਪਵਿੱਤਰ ਵਾਣੀ ਨੇ ਰਾਹ ਦਿਖਾਇਆ।
ਜਦੋਂ ਭਾਰਤ ਵਿੱਚ ਅੰਨ ਦੀ ਕਮੀ ਸੀ ਅਤੇ ਵਧਦੀ ਆਬਾਦੀ ਦਾ ਪੇਟ ਭਰਨ ਦਾ ਡਰ ਸੀ, ਤਾਂ ਪੰਜਾਬ ਨੇ ਹਰੀ ਕ੍ਰਾਂਤੀ ਦੌਰਾਨ ਆਪਣੀ ਧਰਤੀ ਵਿੱਚ ਬੀਜ ਅਤੇ ਖਾਦ ਪਾ ਕੇ ਪੂਰੇ ਦੇਸ਼ ਲਈ ਅੰਨ ਪੈਦਾ ਕੀਤਾ। ਪੰਜਾਬ ਪੂਰੇ ਦੇਸ਼ ਦਾ ਪੇਟ ਭਰਦਾ ਹੈ ਅਤੇ ਦੇਸ਼ ਦੇ ਲੋਕਾਂ ਦੀ ਭੁੱਖ ਮਿਟਾਉਣ ਦੀ ਜ਼ਿੰਮੇਵਾਰੀ ਚੁੱਕਦਾ ਹੈ। ਅੱਜ ਉਹੀ ਪੰਜਾਬ ਮੁਸੀਬਤ ਵਿੱਚ ਹੈ।