ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਵਲੋਂ ਅੱਜ ਤਾਲਾਬੰਦੀ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਦੁਕਾਨਦਾਰਾਂ ਨੂੰ ਆਪਣੀ ਦੁਕਾਨਾਂ ਖੋਲ੍ਹਣ ਦਾ ਸੱਦਾ ਦਿੱਤਾ ਗਿਆ। ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਭਾਰਤ ਅਤੇ ਪੰਜਾਬ ਸਰਕਾਰ ਦੋਵੇਂ ਮਿਲ ਕੇ ਕੋਰੋਨਾ ਦੇ ਨਾਂ ‘ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਤਾਲਾਬੰਦੀ ਦੌਰਾਨ ਕਿਸਾਨਾਂ ਨੇ ਕਈ ਥਾਈਂ ਦੁਕਾਨਾਂ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ, ਪਰ ਦੁਕਾਨਦਾਰਾਂ ਵਲੋਂ ਖਾਸ ਸਹਿਯੋਗ ਨਹੀਂ ਕੀਤਾ ਗਿਆ।
ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ਨੀਵਾਰ, ਐਤਵਾਰ ਦੇ ਤਾਲਾਬੰਦੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਚੱਲਦਿਆਂ ਅੱਜ ਸਵੇਰੇ ਤੋਂ ਹੀ ਕਿਸਾਨ ਜਥੇਬੰਦੀਆਂ ਦੇ ਆਗੂ ਵੱਖ – ਵੱਖ ਜ਼ਿਲ੍ਹਿਆਂ ‘ਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਪਰ ਜ਼ਿਆਦਾਤਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨਹੀਂ ਖੋਲ੍ਹੀਆਂ।
ਜ਼ਿਲ੍ਹਾ ਅਮ੍ਰਿਤਸਰ ਵਿਖੇ ਕਿਸਾਨ ਤਾਂ ਦੁਕਾਨਦਾਰਾਂ ਦੇ ਹੱਕ ਵਿਚ ਸੜਕਾਂ ‘ਤੇ ਨਿੱਤਰੇ ਹੋਏ ਨਜ਼ਰ ਆਏ ਪਰ ਦੂਜੇ ਪਾਸੇ ਦੁਕਾਨਦਾਰ ਅਤੇ ਵਪਾਰੀ ਵਰਗ ਘਰਾਂ ਚੋਂ ਬਾਹਰ ਨਹੀ ਆਏ।
ਉੱਧਰ ਕੁਝ ਕਿਸਾਨਾਂ ਅਤੇ ਵਪਾਰੀਆਂ ਵਲੋਂ ਪਟਿਆਲਾ, ਤਪਾ ਮੰਡੀ, ਗੁਰੂ ਹਰ ਸਹਾਏ, ਲੌਂਗੋਵਾਲ,ਸੰਗਰੂਰ, ਮਹਿਲ ਕਲਾਂ ਤੋਂ ਇਲਾਵਾ ਕਈ ਥਾਵਾਂ ਦੇ ਬਾਜ਼ਾਰਾਂ ‘ਚ ਦੁਕਾਨਾਂ ਖੁਲ੍ਹਵਾਉਣ ਲਈ ਰੋਸ ਮਾਰਚ ਕੀਤੇ ਜਾ ਰਹੇ ਹਨ।