ਨਵੀਂ ਦਿੱਲੀ/ਬਠਿੰਡਾ : ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਮੋਰਚੇ ’ਚ ਸ਼ਾਮਲ ਬਠਿੰਡਾ ਦੇ ਪਿੰਡ ਬੱਲੋ ਦੇ ਕਿਸਾਨ ਹਾਕਮ ਸਿੰਘ ਦੀ ਟਿਕਰੀ ਬਾਰਡਰ ’ਤੇ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਕਿਸਾਨ ਦਾ ਅੱਧਾ ਗਲਾ ਵੱਢਿਆ ਹੋਣ ਕਾਰਨ ਕਤਲ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਯੂਨੀਅਨ, ਸਿੱਧੂਪੁਰ, ਦੇ ਕਾਰਕੁਨ ਇਸ ਕਿਸਾਨ ਦੀ ਬਹਾਦਰਗੜ (ਟਿਕਰੀ ਬਾਰਡਰ) ਉਪਰ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਮ੍ਰਿਤਕ ਦਾ ਸਿਰ ਕਿਸੇ ਤੇਜ਼ਧਾਰ ਚੀਜ਼ ਨਾਲ ਵੱਢਿਆ ਹੋਇਆ ਸੀ ਜਿਸ ਤੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਸੂਬਾ ਸਿੰਘ ਅਤੇ ਡਾਕਟਰ ਮੱਖਣ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਕਤ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ’ਚ ਪਿੰਡ ਵਾਸੀ ਟਿਕਰੀ ਲਈ ਰਵਾਨਾ ਹੋ ਗਏ ਹਨ। ਹਾਕਮ ਸਿੰਘ ਦੀ ਦੇਹ ਨੂੰ ਬਹਾਦਰਗੜ ਦੇ ਸਿਵਲ ਹਸਪਤਾਲ ’ਚ ਰੱਖਿਆ ਗਿਆ ਹੈ।