ਇੱਕੋ ਪਰਿਵਾਰ ਦੇ ਸੱਤ ਮੈਂਬਰਾਂ ‘ਚ ਮਿਲੇ ਇਸ ਖ਼ਤਰਨਾਕ ਬਿਮਾਰੀ ਦੇ ਲੱਛਣ; ਸਾਰੇ ਪੀਜੀਆਈ ਰੈਫਰ

Global Team
3 Min Read

ਲੁਧਿਆਣਾ: ਜਗਰਾਉਂ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਗਰਾਉਂ ਦੇ ਸਿਵਲ ਹਸਪਤਾਲ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕੋ ਪਰਿਵਾਰ ਦੇ ਸੱਤ ਜੀਅ ਇੱਕੋ ਸਮੇਂ ਜਾਂਚ ਅਤੇ ਇਲਾਜ ਲਈ ਹਸਪਤਾਲ ਪਹੁੰਚੇ ਅਤੇ ਸਾਰਿਆਂ ਵਿੱਚ ਰੇਬੀਜ਼ (ਕੁੱਤੇ ਦੇ ਕੱਟਣ ਨਾਲ ਹੋਣ ਵਾਲੀ ਜਾਨਲੇਵਾ ਬਿਮਾਰੀ) ਦੇ ਸ਼ੱਕੀ ਲੱਛਣ ਪਾਏ ਗਏ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਸਪਤਾਲ ਪ੍ਰਸ਼ਾਸਨ ਨੇ ਬਿਨਾਂ ਕਿਸੇ ਦੇਰੀ ਦੇ ਸਾਰੇ ਮਰੀਜ਼ਾਂ ਨੂੰ ਪੀ.ਜੀ.ਆਈ. (PGI) ਚੰਡੀਗੜ੍ਹ ਰੈਫਰ ਕਰ ਦਿੱਤਾ ਹੈ।

ਦੱਸਿਆ ਗਿਆ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਕਰੀਬ ਇੱਕ ਸਾਲ ਪਹਿਲਾਂ ਕੁੱਤੇ ਨੇ ਕੱਟਿਆ ਸੀ ਅਤੇ ਉਸ ਸਮੇਂ ਉਨ੍ਹਾਂ ਨੇ ਐਂਟੀ-ਰੇਬੀਜ਼ ਇੰਜੈਕਸ਼ਨ ਨਹੀਂ ਲਗਵਾਇਆ ਸੀ। ਕੱਟਣ ਦੇ ਜ਼ਖਮ ਭਰ ਗਏ ਤਾਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਕੁਝ ਦਿਨਾਂ ਤੋਂ ਪੂਰੇ ਪਰਿਵਾਰ ਵਿੱਚ ਰੇਬੀਜ਼ ਦੇ ਲੱਛਣ ਦਿਖਣ ਲੱਗੇ ਹਨ। ਪਰਿਵਾਰ ਦੇ ਸੱਤੇ ਮੈਂਬਰਾਂ ਵਿੱਚ ਰੇਬੀਜ਼ ਦੇ ਲੱਛਣ ਪਾਏ ਗਏ ਹਨ।

ਸਿਵਲ ਹਸਪਤਾਲ ਜਗਰਾਉਂ ਦੀ ਐੱਸ.ਐੱਮ.ਓ. (SMO) ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੱਤੇ ਦੇ ਸੱਤ ਲੋਕ ਸਿਵਲ ਹਸਪਤਾਲ ਆਏ ਸਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਤੁਰੰਤ ਪੀ.ਜੀ.ਆਈ. (PGI) ਭੇਜ ਦਿੱਤਾ ਗਿਆ ਹੈ ਤਾਂ ਜੋ ਉੱਥੇ ਉਨ੍ਹਾਂ ਦਾ ਇਲਾਜ ਹੋ ਸਕੇ। ਇਹ ਪ੍ਰਵਾਸੀ ਪਰਿਵਾਰ ਹੈ। ਇਹ ਪਰਿਵਾਰ ਪਿਛਲੇ ਤਿੰਨ ਸਾਲਾਂ ਤੋਂ ਸ਼ੇਰਪੁਰ ਚੌਕ ਵਿਖੇ ਸਥਿਤ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰ ਰਿਹਾ ਹੈ।

ਐੱਸ.ਐੱਮ.ਓ ਦੇ ਅਨੁਸਾਰ, ਮਰੀਜ਼ਾਂ ਵਿੱਚ ਸ਼ੁਰੂਆਤੀ ਪਰ ਗੰਭੀਰ ਲੱਛਣ ਜਿਵੇਂ ਕਿ ਬਹੁਤ ਜ਼ਿਆਦਾ ਲਾਰ ਆਉਣਾ, ਬੋਲਣ ਵਿੱਚ ਮੁਸ਼ਕਲ, ਚੀਜ਼ਾਂ ਨੂੰ ਸਮਝਣ ਵਿੱਚ ਅਸਮਰੱਥਾ ਦਿਖਾਈ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਇਹ ਰੇਬੀਜ਼ ਹੈ ਜਾਂ ਨਹੀਂ, ਇਸਦੀ ਪੁਸ਼ਟੀ ਟੈਸਟ ਤੋਂ ਬਾਅਦ ਹੋਵੇਗੀ, ਪਰ ਲੱਛਣ ਰੇਬੀਜ਼ ਦੇ ਹੀ ਹਨ। ਫਿਲਹਾਲ ਸਾਰੇ ਸੱਤ ਮਰੀਜ਼ ਪੀਜੀਆਈ ਚੰਡੀਗੜ੍ਹ ਵਿਖੇ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਅਧੀਨ ਹਨ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment