ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਐਲਾਨ
ਮੋਗਾ : ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਵਿਚ ਰਾਜਾਂ ਨੁੰ ਵਧੇਰੇ ਸਭਿਆਚਾਰਕ, ਸਿਆਸੀ ਤੇ ਆਰਥਿਕ ਖੁਦਮੁਖ਼ਤਿਆਰੀ ਦੇ ਕੇ ਅਸਲ ਸੰਘੀ ਢਾਂਚਾ ਸਥਾਪਿਤ ਕੀਤੇ ਜਾਣ ਦਾ ਸੱਦਾ ਦਿੱਤਾ। ਪਾਰਟੀ ਨੇ ਇਹ ਵੀ ਐਲਾਨ ਕੀਤਾ ਕਿ ਕਿਸਾਨਾਂ ਲਈ 50 ਹਜ਼ਾਰ ਰੁਪਏ ਦੀ ਫਸਲ ਬੀਮਾ ਸਕੀਮ ਸ਼ੁਰੂ ਕੀਤੀ ਜਾਵੇਗੀ ਤੇ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ।
ਮੰਗਲਵਾਰ ਨੂੰ ਮੋਗਾ ਵਿਚ ਹੋਈ ਰੈਲੀ ਵਿਚ ਆਪਣੇ ਜੀਵਨ ਦੇ ਸਭ ਤੋਂ ਵੱਡੇ ਇਤਿਹਾਸਕ ਇਕੱਠ ਨੂੰ ਸੰਬੋਧਨ ਕਰਦਿਆਂ ਘਾਗ ਸਿਆਸਤਦਾਨ ਤੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ 1996 ਵਾਲਾ ਇਤਿਹਾਸ ਦੁਹਰਾਏਗਾ ਜਦੋਂ ਉਸ ਵੇਲੇ ਗਠਜੋੜ ਨੇ ਸਾਂਝੇ ਯਤਨਾਂ ਨਾਲ ਸੂਬੇ ਵਿਚ ਹੂੰਝਾ ਫੇਰ ਜਿੱਤ ਦਰਜ ਕੀਤੀ ਸੀ।
ਅਕਾਲੀ ਦਲ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ’ਤੇ ਰੱਖੀ ਰੈਲੀ ਵਿਚ ਜੁੜੇ ਮਨੁੱਖਤਾ ਦੇ ਸਮੁੰਦਰ ਵਿਚ ਪਾਰਟੀ ਨੇ ਪੰਜਾਬੀਆਂ ਨੂੰ ਪਾਰਦਰਸ਼ੀ, ਜਵਾਬਦੇਹ ਤੇ ਸਭ ਨੂੰ ਨਾਲ ਲੈ ਕੇ ਸਮਾਵੇਸ਼ੀ ਸਰਕਾਰ ਦੇਣ ਦਾ ਵਾਅਦਾ ਕੀਤਾ। ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀਆਂ ਦੇ ਸਾਹਮਣੇ ਚੋਣ ਸਪਸ਼ਟ ਤੇ ਸੌਖੀ ਹੈ। ਇਕ ਪਾਸੇ ਪੰਜਾਬੀਆਂ ਦੀ, ਪੰਜਬੀਆਂ ਲਈ ਤੇ ਪੰਜਾਬੀਆਂ ਵੱਲੋਂ ਸਰਕਾਰ ਹੋਵੇਗੀ ਤੇ ਦੂਜੇ ਪਾਸੇ ਸ਼ੇਖੀਆਂ ਮਾਰਨ ਵਾਲੀਆਂ ਕਠਪੁਤਲੀਆਂ ਹੋਣਗੀਆਂ ਜੋ ਰਿਮੋਰਟ ਕੰਟਰੋਲ ਨਾਲ ਚਲਾਈਆਂ ਜਾਂਦੀਆਂ ਹਨ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਵੇਖ ਕੇ ਬਹੁਤ ਹੀ ਦੁੱਖ ਹੁੰਦਾ ਹੈ ਕਿ ਕਾਂਗਰਸ ਸਮਾਜ ਦੇ ਗਰੀਬ ਤੇ ਐਸ ਸੀ ਵਰਗਾਂ ਨੂੰ ਪਹਿਲਾਂ ਇਹ ਦੱਸ ਕੇ ਜ਼ਲੀਲ ਕਰਦੀ ਰਹੀ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਪਹਿਲੀ ਪਸੰਦ ਨਹੀਂ। ਹੁਣ ਉਹ ਉਹਨਾਂ ਦੀ ਕਾਰਗੁਜ਼ਾਰੀ ਲਈ ਪਿੱਠ ਨਾ ਥਾਪੜ ਕੇ ਤੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਨਾਲ ਐਲਾਲ ਕੇ ਜ਼ਲੀਲ ਕਰ ਰਹੀ ਹੈ।
ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਨੇ ਇਕ ਹੰਢੇ ਹੋਏ ਕਾਂਗਰਸੀ ਆਗੂ ਸੁਨੀਲ ਜਾਖੜ ਦੇ ਭਾਈਚਾਰੇ ਨੁੰ ਇਹ ਕਹਿ ਕੇ ਜ਼ਲੀਲ ਕੀਤਾ ਕਿ ਜਾਖੜ ਅਗਲੇ ਮੁੱਖ ਮੰਤਰੀ ਹੋਣਗੇ ਪਰ ਬਾਅਦ ਵਿਚ ਮੀਡੀਆ ਨੁੰ ਇਹ ਰਿਪੋਰਟਾਂ ਲੀਕ ਕਰ ਦਿੱਤੀਆਂ ਗਈਆਂ ਕਿ ਉਹਨਾਂ ਦੇ ਭਾਈਚਾਰੇ ਵਿਚੋਂ ਕਾਂਗਰਸ ਕਿਸੇ ਨੁੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾ ਸਕਦੀ। ਉਹਨਾਂ ਕਿਹਾ ਕਿ ਅਜਿਹੀਆਂ ਫਿਰਕੂ ਖੇਡਾਂ ਕਾਂਗਰਸ ਲਈ ਕੋਈ ਨਵੀਂਆਂ ਨਹੀਂ ਪਰ ਇਹ ਬਹੁਤ ਹੀ ਮੰਦਭਾਗੀਆਂ ਤੇ ਫਿਰਕੂ ਸਦਭਾਵਨਾ ਲਈ ਖਤਰਨਾਕ ਹਨ।
ਬਾਦਲ ਨੇ ਸਿੱਖ ਸੰਗਤ ਨੂੰ ਕੇਂਦਰ ਅਤੇ ਹੋਰ ਗੈਰ ਸਿੱਖ ਤਾਕਤਾਂ ਵੱਲੋਂ ਖਾਲਸਾ ਪੰਥ ਤੋਂ ਸੇਵਾ ਸੰਭਾਲ ਦਾ ਪਵਿੱਤਰ ਹੱਕ ਖੋਹਣ ਦੇ ਯਤਨਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਨੁੰਨੀ ਤੌਰ ’ਤੇ ਕੌਮ ਦੇ ਚੁਣੇ ਗਏ ਪ੍ਰਤੀਨਿਧਾਂ ਵੱਲੋਂ ਪਵਿੱਤਰ ਗੁਰਧਾਮਾਂ ਦੀ ਜੋ ਸੇਵਾ ਸੰਭਾਲ ਖਾਲਸਾ ਪੰਥ ਕਰਦਾ ਹੈ, ਉਸਨੁੰ ਖੋਹਣ ਦੇ ਯਤਨ ਹਮੇਸ਼ਾ ਕੀਤੇ ਜਾਂਦੇ ਰਹੇ ਹਨ ਤੇ ਕੀਤੇ ਜਾ ਰਹੇ ਹਨ। ਅਕਾਲੀ ਦਲ ਦੇ ਘਾਗ ਸਿਆਸਤਦਾਨ ਨੇ ਭਾਰਤ ਸਰਕਾਰ ਨੁੰ ਬੀਤੇ ਸਮੇਂ ਦੇ ਖਤਰਨਾਕ ਜ਼ੋਖ਼ਮ ਨੁੰ ਦੁਹਰਾਉਣ ਵਿਰੁੱਧ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਅਜਿਹਾ ਕੁਝ ਨਹੀਂ ਕੀਤਾ ਜਾਣਾ ਚਾਹੀਦਾ ਜਿਸ ਨਾਲ ਪੰਜਾਬ ਅਤੇ ਬਾਹਰ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਖਰਾਬ ਹੋਵੇ।
ਇਸ ਵਿਸ਼ਾਲ ਇਕੱਠ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਫਸਲੀ ਬੀਮਾ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਬੋਲ ਸੋ ਨਿਹਾਲ ਦੇ ਜੈਕਾਰਿਆਂ ਦੇ ਵਿਚ ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕਰੇਗੀ। ਉਹਨਾਂ ਕਿਹਾ ਕਿ ਅਗਲੀ ਸਰਕਾਰ ਰੇਤ ਤੇ ਸ਼ਰਾਬ ਦੇ ਵਪਾਰ ’ਤੇ ਏਕਾਧਿਕਾਰ ਨੁੰ ਖ਼ਤਮ ਕਰੇਗੀ ਅਤੇ ਇਕ ਇਕ ਰੇਤ ਖੱਡ ਦਾ ਠੇਕਾ ਤੇ ਇਕ ਇਕ ਸ਼ਰਾਬ ਦਾ ਠੇਕਾ ਇਕ ਇਕ ਵਿਅਕਤੀ ਨੂੰ ਦਿੱਤਾ ਜਾਵੇਗਾ । ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੇ ਧਾਰਮਿਕ ਸਥਾਨਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣਗੇ।
ਸੁਖਬੀਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਕਿਸੇ ਨੁੰ ਵੀ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਉਹਨਾਂ ਕਿਹਾ ਕਿ ਭਾਈਚਾਰਕ ਸਾਂਝ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਮੈਂ ਪੰਜਾਬ ਨੁੰ ਵਿਕਾਸ ਦੀਆਂ ਨਵੀਂਆਂ ਬੁਲੰਦੀਆਂ ’ਤੇ ਲੈ ਕੇ ਜਾਣ ਵਾਸਤੇ ਦ੍ਰਿੜ੍ਹ ਸੰਕਲਪ ਹਾਂ।