ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ): ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋਂ ਨੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਦੁਖਾਂਤ ਦੇ ਮਾਮਲੇ ‘ਤੇ ਤੁਰੰਤ ਐਕਸ਼ਨ ਕਰਵਾਇਆ ਜਾਵੇ ਅਤੇ ਸਾਰੇ ਦੋਸ਼ੀਆਂ ਨੂੰ ਫੜਕੇ ਅੰਦਰ ਕੀਤਾ ਜਾਵੇ।
ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਉਹ ਜਲਦੀ ਹੀ ਸਾਰਾ ਮਾਮਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਧਿਆਨ ਵਿਚ ਲਿਆਉਣਗੇ ਅਤੇ ਇਸ ਮਾਮਲੇ ‘ਤੇ ਪਾਰਲੀਮੈਂਟ ਵਿੱਚ ਵੀ ਆਵਾਜ਼ ਉਠਾਉਣਗੇ।ਬਾਜਵਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਤੇ ਦੂਲੋਂ ਵੱਲੋਂ ਪਹਿਲਾਂ ਭੇਜੇ ਪੱਤਰਾਂ ਵੱਲ ਧਿਆਨ ਦਿੰਦੇ ਤਾਂ ਇਹ ਦੁਖਾਂਤ ਨਾ ਵਾਪਰਦਾ ਖੰਨੇ ਸ਼ਰਾਬ ਦੀ ਜੋ ਨਾਜਾਇਜ਼ ਫੈਕਟਰੀ ਫੜੀ ਗਈ ਸੀ ਉਸ ਦਾ ਮੁੱਖ ਮੁਲਜ਼ਮ ਅਜੇ ਤੱਕ ਫੜਿਆ ਨਹੀਂ ਗਿਆ।
ਜਿਸ ਕਾਰਨ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਪੰਜਾਬ ਵਿੱਚ ਘਟਣ ਦੀ ਬਜਾਏ ਵਧ ਗਿਆ ਹੈ। ਇਸ ਦੁੱਖ ਦੀ ਘੜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੀੜਤ ਏਰੀਆ ਦਾ ਦੌਰਾ ਕਰਨਾ ਚਾਹੀਦਾ ਸੀ। ਨਾ ਮੁੱਖ ਮੰਤਰੀ ਖੁਦ ਉਸ ਇਲਾਕੇ ਵਿੱਚ ਗਏ ਨਾ ਡੀਜੀਪੀ ਨੂੰ ਭੇਜਿਆ ਅਤੇ ਨਾ ਮੁੱਖ ਸਕੱਤਰ ਗਏ ਹਨ।