ਸੁਬੇਗ ਸਿੰਘ ਸੰਗਰੂਰ
ਇੱਕ ਬੜੀ ਪੁਰਾਣੀ ਤੇ ਮਸ਼ਹੂਰ ਕਥਾ ਹੈ,ਕਿ ਇੱਕ ਵਾਰ ਕਿਸੇ ਸੇਠ ਦੇ ਘਰੋਂ ਲੱਛਮੀ ਦੇਵੀ ਜਾਣ ਲੱਗੀ,ਤਾਂ ਉਸਨੇ ਸੇਠ ਨੂੰ ਕਿਹਾ,ਕਿ ਸੇਠ ਜੀ,ਤੁਹਾਡੇ ਨਾਲ ਮੇਰਾ ਪੁਰਾਣਾ ਰਿਸ਼ਤਾ ਹੈ।ਹੁਣ ਮੈਂ ਤੇਰੇ ਘਰੋਂ ਜਾਣ ਲੱਗੀ ਹਾਂ।ਆਪਣੇ ਪੁਰਾਣੇ ਰਿਸ਼ਤੇ ਦੇ ਨਾਤੇ,ਮੰਗ ਜੋ ਮੰਗਣਾ ਹੈ,ਮੈਂ ਤੈਨੂੰ ਦੇ ਦੇਵਾਂਗੀ।ਲੱਛਮੀ ਦੇਵੀ ਦੀ ਗੱਲ ਸੁਣਕੇ,ਸੇਠ ਨੇ ਕਿਹਾ,ਕਿ ਲੱਛਮੀ ਜੀ,ਤੁਸੀਂ ਜਾਣਾ ਹੈ ਤਾਂ ਜਾਵੋ,ਪਰ ਮੇਰੇ ਪਰਿਵਾਰ ਚ ਏਕਤਾ ਜਰੂਰ ਬਣੀ ਰਹੇ।ਸੇਠ ਦੀ ਗੱਲ ਸੁਣਕੇ, ਲੱਛਮੀ ਦੇਵੀ ਕਹਿਣ ਲੱਗੀ,ਕਿ ਅਗਰ ਤੇਰੇ ਘਰ ਚ ਏਕਤਾ ਰਹੇਗੀ,ਤਾਂ ਫਿਰ ਮੈਂ ਕਿੱਧਰ ਜਾਣਾ ਹੈ।ਭਾਵ ਕਿ,ਜਿੱਥੇ ਏਕਾ ਹੋਵੇ,ਉੱਥੇ ਬਰਕਤ ਵੀ ਹਰ ਹਾਲਤ ਚ ਹੋਵੇਗੀ।ਭਾਵੇਂ ਇਹ ਇੱਕ ਮਿਥਿਹਾਸਕ ਕਥਾ ਹੈ,ਪਰ ਇਹ ਗੱਲ ਸੌ ਫੀ ਸਦੀ ਸੱਚ ਹੈ।
ਇਤਿਹਾਸ ਇਸ ਗੱਲ ਦਾ ਗਵਾਹ ਹੈ,ਕਿ ਜਿਸ ਪਰਿਵਾਰ, ਸਮਾਜ ,ਸੰਸਥਾ,ਪਾਰਟੀ ਚ ਏਕਤਾ ਹੋਵੇ,ਦੁਸ਼ਮਣ ਉਸਦਾ ਕੁੱਝ ਵੀ ਵਿਗਾੜ ਨਹੀਂ ਸਕਦਾ।ਪਰ ਜਿੱਥੇ ਏਕੇ ਦੀ ਥਾਂ ਤੇ ਆਪਸ ਵਿੱਚ ਲੜਾਈ ਝਗੜਾ ਜਾਂ ਫਿਰ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਕੰਮ ਚੱਲਦਾ ਹੋਵੇ,ਉੱਥੇ ਕਦੇ ਵੀ ਖੁਸ਼ਹਾਲੀ ਨਹੀਂ ਆ ਸਕਦੀ।ਸਗੋਂ ਉਸ ਦਰ ਤੇ ਚਾਰੋਂ ਪਾਸੇ ਬਰਬਾਦੀ ਆਪਣੇ ਪੈਰ ਪਸਾਰ ਲੈਂਦੀ ਹੈ।ਫਿਰ ਉਹ ਪਰਿਵਾਰ ਜਾਂ ਸਮਾਜ, ਜਿੰਨਾ ਮਰਜੀ ਖੁਸ਼ਹਾਲ ਜਾਂ ਵੱਡਾ ਵੀ ਕਿਉਂ ਨਾ ਹੋਵੇ।
ਇਹੋ ਕਾਰਨ ਹੈ,ਕਿ,ਸਾਡੇ ਦੇਸ਼ ਤੇ ਜਿੰਨੇ ਵੀ ਬਾਹਰੀ ਹਮਲਾਵਰਾਂ ਨੇ ਹਮਲੇ ਕੀਤੇ ਹਨ,ਉਨ੍ਹਾਂ ਨੇ ਪਹਿਲਾਂ ਇੱਥੋਂ ਦੇ ਵਸਿੰਦਿਆਂ ਚ ਆਪਸੀ ਫੁੱਟ ਪਾਈ ਸੀ।ਉਸ ਤੋਂ ਬਾਅਦ,ਉਨ੍ਹਾਂ ਨੇ ਲੰਮੇ ਸਮੇਂ ਤੱਕ ਦੇਸ਼ ਤੇ ਰਾਜ ਕੀਤਾ ਸੀ।ਅੰਗਰੇਜ਼ਾਂ ਦੀ,
*ਫੁੱਟ ਪਾਓ ਤੇ ਰਾਜ ਕਰੋ!*
ਦੀ ਨੀਤੀ ਵੀ ਬੜੀ ਮਸ਼ਹੂਰ ਹੈ।ਜਿਸਨੂੰ ਕਿਸੇ ਵੀ ਹਾਲਤ ਚ ਅਣਗੌਲਿਆ ਨਹੀਂ ਕੀਤਾ ਜਾ ਸਕਦਾ।
ਦੇਸ਼ ਦੇ ਵਿੱਚ,ਹੁਕਮਰਾਨ ਪਾਰਟੀਆਂ ਤੇ ਸਮੇਂ ਦੀਆਂ ਸਰਕਾਰਾਂ ਵੀ ਆਪਣੇ ਫਾਇਦੇ ਲਈ ਦੂਸਰੀਆਂ ਪਾਰਟੀਆਂ ਤੇ ਉਨ੍ਹਾਂ ਦੀਆਂ ਸਰਕਾਰਾਂ ਚ ਫੁੱਟ ਪਾ ਕੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਆਪਣੇ ਵੱਲ ਕਰ ਲੈਂਦੀਆਂ ਹਨ ਅਤੇ ਆਪਣੀਆਂ ਸਰਕਾਰਾਂ ਬਣਾ ਲੈਂਦੀਆਂ ਹਨ ਅਤੇ ਸਤਾ ਦਾ ਅਨੰਦ ਮਾਣਦੀਆਂ ਹਨ।ਸਾਡੇ ਦੇਸ਼ ਚ ਤਾਂ ਇਹ ਰੁਝਾਨ ਬੜਾ ਜੋਰਾਂ ਤੇ ਹੈ।ਇਸ ਸਵੰਧ ਚ ਕਈ ਲੀਡਰਾਂ ਦਾ ਤਾਂ,ਵਾਰ 2,ਪਾਰਟੀਆਂ ਬਦਲਣ ਦੇ ਕਾਰਨ,ਨਾਮ ਹੀ ਆਇਆ ਰਾਮ ਤੇ ਗਿਆ ਰਾਮ ਪੈ ਚੁੱਕਿਆ ਹੈ।ਰਾਜਨੀਤੀ ਚ ਅਜਿਹਾ ਰੁਝਾਨ,ਰਾਜਨੀਤਕ ਅਤੇ ਨੈਤਿਕ ਨਿਘਾਰ ਦੀ ਨਿਸ਼ਾਨੀ ਹੀ ਤਾਂ ਹੈ।
ਪੰਜਾਬ ਚ ਕਾਂਗਰਸ ਪਾਰਟੀ ਦੀ ਸਰਕਾਰ,ਪਿਛਲੇ ਲੱਗਭੱਗ ਸਾਢੇ ਚਾਰ ਸਾਲਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਚੱਲ ਰਹੀ ਸੀ।ਵਿਧਾਨ ਸਭਾ2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਕਤ,ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਇਹ ਚੋਣਾਂ ਲੜੀਆਂ ਗਈਆਂ।ਪਿਛਲੇ 10 ਸਾਲਾਂ ਦੀ ਅਕਾਲੀ ਦਲ ਬਾਦਲ ਦੀ ਸਰਕਾਰ ਤੋਂ ਲੋਕ ਅੱਕੇ ਪਏ ਸਨ।ਇਸ ਗੱਲ ਦਾ ਫਾਇਦਾ ਲੈਣ ਦੇ ਲਈ ਹੀ,ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਲੋਕ ਲੁਭਾਊ ਨਾਅਰਿਆਂ ਦੇ ਤਰ੍ਹਾਂ 2 ਦੇ ਵਾਅਦੇ ਕੀਤੇ ਸਨ।ਜਿਸਦੇ ਇਵਜ ਵਜੋਂ,ਲੋਕਾਂ ਨੇ ਵੀ ਪੂਰੇ ਜੋਰ ਸੋਰ ਨਾਲ ਕਾਂਗਰਸ ਪਾਰਟੀ ਦੀ ਹਮਾਇਤ ਕੀਤੀ ਤੇ ਕਾਂਗਰਸ ਦੀ ਸਰਕਾਰ ਬਣ ਗਈ,ਜਿਸਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਗਿਆ।
ਪਰ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ,ਚੋਣਾਂ ਦੇ ਵਕਤ ਕੀਤੇ ਗਏ ਵਾਅਦੇ ਜਿਉਂ ਦੇ ਜਿਉਂ ਖੜ੍ਹੇ ਹਨ।ਇਹੋ ਕਾਰਨ ਸੀ,ਕਿ ਲੋਕਾਂ ਚ ਕਾਂਗਰਸ ਪਾਰਟੀ ਤੇ ਕੈਪਟਨ ਅਮਰਿੰਦਰ ਖਿਲਾਫ ਜਬਰਦਸਤ ਰੋਸ਼ ਸੀ।ਇਸੇ ਰੋਸ਼ ਨੂੰ ਦਬਾਉਣ ਤੇ ਅਗਲੀਆਂ ਚੋਣਾਂ ਦੇ ਵਕਤ ਲੋਕਾਂ ਨੂੰ ਦੁਬਾਰਾ ਮੂਰਖ ਬਨਾਉਣ ਦੇ ਲਈ ਹੀ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਇੱਕ ਤੀਰ ਨਾਲ ਦੋ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ।ਇੱਕ ਕਾਂਗਰਸ ਦੀ ਖਰਾਬ ਹੋਈ ਭੱਲ ਨੂੰ ਦੁਬਾਰਾ ਕਾਇਮ ਕਰਨਾ ਅਤੇ ਦੂਸਰਾ ਦਲਿਤ ਵੋਟਰਾਂ ਨੂੰ ਆਪਣੀ ਪਾਰਟੀ ਦੇ ਹੱਕ ਚ ਭੁਗਤਾਉਣ ਦਾ ਏਜੰਡਾ ਸੀ।ਪਰ ਲੱਗਦਾ ਹੈ,ਇਹ ਚਾਲ ਵੀ ਹੁਣ ਕਾਂਗਰਸ ਪਾਰਟੀ ਨੂੰ ਪੁੱਠੀ ਪੈਣ ਲੱਗੀ ਹੈ।
ਸਿਆਣੇ ਕਹਿੰਦੇ ਹਨ,ਕਿ ਜਿਹੜੇ ਪਰਿਵਾਰ ਚ ਏਕਾ ਹੋਵੇ,ਉਹ ਸਾਮ ਨੂੰ ਖੂਹ ਪੁੱਟਕੇ ਪਾਣੀ ਪੀ ਲੈਂਦੇ ਹਨ।ਪਰ ਜਿੱਥੇ ਆਪਸੀ ਫੁੱਟ ਹੋਵੇ,ਉੱਥੇ ਹੱਸਦੇ ਵੱਸਦੇ ਪਰਿਵਾਰ ਵੀ,ਆਖਰ ਇੱਕ ਦਿਨ ਬਰਬਾਦ ਹੋ ਜਾਂਦੇ ਹਨ।ਪੰਜਾਬ ਦੀ ਕਾਂਗਰਸ ਪਾਰਟੀ ਦੀ ਹਾਲਤ ਵੀ ਅੱਜ ਕੱਲ,ਇਹੋ ਜਿਹੀ ਹੀ ਬਣ ਚੁੱਕੀ ਹੈ।ਅੱਜ ਕੱਲ,ਪੰਜਾਬ ਦਾ ਹਰ ਕਾਂਗਰਸੀ ਲੀਡਰ ਹੀ ਆਪਣੇ ਆਪਨੂੰ ਮੁੱਖ ਮੰਤਰੀ ਤੋਂ ਉੱਪਰ ਬਣਿਆ ਬੈਠਾ ਹੈ।ਜੀਹਦਾ,ਜੋ ਦਿਲ ਕਰਦਾ ਹੈ,ਉਹ ਆਪਣੀ ਮਰਜੀ ਨਾਲ ਬਿਆਨ ਦੇਈ ਜਾਂਦਾ ਹੈ।
ਕਾਂਗਰਸ ਪਾਰਟੀ ਦਾ ਮੌਜੂਦਾ ਪ੍ਰਧਾਨ,ਨਵਜੋਤ ਸਿੰਘ ਸਿੱਧੂ,ਹਰ ਰੋਜ ਆਪਣੀ ਹੀ ਸਰਕਾਰ ਦੇ ਖਿਲਾਫ ਨਿੱਤ ਨਵਾਂ ਬਿਆਨ ਦਾਗ ਦਿੰਦਾ ਹੈ।ਅਗਰ,ਪੰਜਾਬ ਸਰਕਾਰ ਵੱਲੋਂ ਕੋਈ ਨਿਯੁਕਤੀ ਹੁੰਦੀ ਹੈ,ਉਹਦੇ ਤੇ ਕਿੰਤੂ ਪ੍ਰੰਤੂ ਹੋਈ ਜਾ ਰਿਹਾ ਹੈ।ਕੋਈ ਹੋਰ ਲੀਡਰ,ਕੋਈ ਹੋਰ ਬਿਆਨ ਦੇਈ ਜਾਂਦਾ ਹੈ।ਮੁੱਖ ਮੰਤਰੀ ,ਚਰਨਜੀਤ ਸਿੰਘ ਚੰਨੀ, ਆਪਣੇ ਵੱਲੋਂ ਤਰ੍ਹਾਂ 2 ਦੇ ਬਿਆਨ ਦੇਈ ਜਾਂਦਾ ਹੈ।ਅਗਲੇ ਦਿਨ,ਕਾਂਗਰਸ ਪਾਰਟੀ ਦਾ ਕੋਈ ਲੀਡਰ ਜਾਂ ਮੰਤਰੀ ਉਸ ਬਿਆਨ ਨੂੰ ਉਲਟਾਅ ਦਿੰਦਾ ਹੈ।ਇਉਂ ਲੱਗਦਾ ਹੈ,ਜਿਵੇਂ ਪੰਜਾਬ ਚ ਕੋਈ ਸਰਕਾਰ ਨਾ ਚਲਾ ਰਿਹਾ ਹੋਵੇ, ਸਗੋਂ ਕੋਈ ਮੱਛੀ ਬਜਾਰ ਦੇ ਰੌਲੇ ਰੱਪੇ ਦੀ ਗੱਲ ਹੋ ਰਹੀ ਹੋਵੇ।ਜਿਸ ਵਿੱਚ ਜਨਤਾ ਨੂੰ ਕੁੱਝ ਵੀ ਸੁਣਾਈ ਨਹੀਂ ਦੇ ਰਿਹਾ,ਕਿ ਆਖਰ ਹੋ ਕੀ ਰਿਹਾ ਹੈ।
ਮੁੱਕਦੀ ਗੱਲ ਤਾਂ ਇਹ ਹੈ,ਕਿ ਪੰਜਾਬ ਦੀ ਸਰਕਾਰ ਤੇ ਕਾਂਗਰਸ ਪਾਰਟੀ ਚ ਨੌ ਪੂਰਬੀਏ ਅਤੇ ਅਠਾਰਾਂ ਚੁੱਲ੍ਹਿਆਂ ਵਾਲੀ ਗੱਲ ਹੋਈ ਪਈ ਹੈ।ਜਿਸ ਦਾ ਜਿਵੇਂ ਦਿਲ ਕਰਦਾ ਹੈ,ਉਵੇਂ ਹੀ ਕਰੀ ਜਾਂਦਾ ਹੈ।ਅਨੁਸ਼ਾਸਨ ਨਾਂ ਦੀ ਕੋਈ ਚੀਜ ਵਿਖਾਈ ਹੀ ਨਹੀਂ ਦਿੰਦੀ।ਪੰਜਾਬ ਦੀ ਜਨਤਾ ਨੂੰ ਵੀ ਕੁੱਝ ਨਹੀਂ ਸੁੱਝ ਰਿਹਾ,ਕਿ ਆਖਰ ਇਹ ਹੋ ਕੀ ਹੈ ਰਿਹਾ ਹੈ।ਕਿਉਂਕਿ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਨੂੰ ਖੁਦ ਪਤਾ ਨਹੀਂ ਲੱਗ ਰਿਹਾ,ਕਿ ਇਹ ਕੀ ਹੋ ਰਿਹਾ ਹੈ।
ਜਿਵੇਂ ਕਿ ਇੱਕ ਕਹਾਵਤ ਮਸ਼ਹੂਰ ਹੈ,ਕਿ,
*ਉੱਜੜੇ ਬਾਗਾਂ ਦੇ,ਗਾਲ੍ਹੜ ਪਟਵਾਰੀ!*
ਵਾਲੀ ਗੱਲ,ਕਾਂਗਰਸ ਪਾਰਟੀ ਲਈ ਪੂਰੀ ਢੁੱਕਦੀ ਹੈ,ਜਿਹੜੀ ਕਿ ਕਾਂਗਰਸ ਪਾਰਟੀ ਤੇ ਪੰਜਾਬ ਸਰਕਾਰ ਲਈ ਸ਼ੁਭ ਸ਼ੰਕੇਤ ਨਹੀਂ ਹੈ।ਕਿਉਂਕਿ ਲੋਕ ਹੁਣ ਸਿਆਣੇ ਹੋ ਚੁੱਕੇ ਹਨ ਅਤੇ ਰਾਜਨੀਤਕ ਪਾਰਟੀਆਂ ਦੀਆਂ ਚਾਲਾਂ ਨੂੰ ਕਾਫੀ ਹੱਦ ਤੱਕ ਸਮਝਣ ਵੀ ਲੱਗ ਪਏ ਹਨ ਅਤੇ ਆਪਣਾ ਵਿਰੋਧ ਵੀ ਜਤਾ ਰਹੇ ਹਨ।ਇਸ ਲਈ ਇਕੱਲੇ,ਲਾਰੇ ਲੱਪਿਆਂ ਦੀ ਨੀਤੀ ਨਾਲ ਕਾਂਗਰਸ ਪਾਰਟੀ ਦੀ ਦੁਬਾਰਾ ਸਰਕਾਰ ਬਣਨੀ ਮੁਸ਼ਕਲ ਹੀ ਜਾਪਦੀ ਹੈ।ਇਹਦੇ ਲਈ ਤਾਂ, ਚੰਨੀ ਸਰਕਾਰ ਨੂੰ ਕੁੱਝ ਸਹੀ ਫੈਸਲੇ ਅਤੇ ਠੋਸ ਉਪਰਾਲੇ ਵੀ ਕਰਨੇ ਪੈਣਗੇ,ਤਾਂ ਕਿ ਲੋਕਾਂ ਦਾ ਰੋਸ਼ ਕੁੱਝ ਹੱਦ ਤੱਕ ਮੱਠਾ ਪੈ ਸਕੇ। ਦੂਸਰਾ ਆਪੋ ਧਾਪੀ ਦਿੱਤੇ ਜਾ ਰਹੇ ਬਿਆਨਾਂ ਤੇ ਰੋਕ ਵੀ ਲੱਗਣੀ ਚਾਹੀਦੀ ਹੈ ਅਤੇ ਅਜਿਹੇ ਲੀਡਰਾਂ ਦੇ ਖਿਲਾਫ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ,ਤਾਂ ਹੀ ਕਾਂਗਰਸ ਦੀ ਬੇੜੀ ਪਾਰ ਲੱਗ ਸਕੇ।ਅਗਰ ਅਜਿਹਾ ਨਹੀਂ ਹੁੰਦਾ,ਤਾਂ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਡੁੱਬਣ ਤੋਂ ਕੋਈ ਨਹੀਂ ਰੋਕ ਸਕਦਾ।