ਪੰਜਾਬ ਕਾਂਗਰਸ ’ਚ ਫਿਰ ਘਮਸਾਣ: ਜੀਰਾ ਨੇ ਰਾਣਾ ਦੀ ਤੁਲਨਾ ‘ਰਾਵਣ’ ਨਾਲ ਕੀਤੀ

Global Team
3 Min Read

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਤਣਾਅ ਜਾਰੀ ਹੈ। ਵੀਰਵਾਰ ਨੂੰ ਸਮਾਣਾ ‘ਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਸਥਾਨਕ ਆਗੂ ਆਪਸ ਵਿੱਚ ਭਿੜ ਗਏ। ਪਾਰਟੀ ਦੇ ਸਹਿ-ਇੰਚਾਰਜ ਉੱਤਮ ਰਾਓ ਡਾਲਵੀ ਮੰਚ ’ਤੇ ਮੌਜੂਦ ਸਨ, ਜਦੋਂ ਫਿਰੋਜ਼ਪੁਰ ਕਾਂਗਰਸ ਦੇ ਪ੍ਰਧਾਨ ਅਤੇ ਜੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ’ਤੇ ਤਿੱਖਾ ਹਮਲਾ ਕਰਦਿਆਂ ਉਹਨਾਂ ਦੀ ਤੁਲਣਾ ਰਾਵਣ ਨਾਲ ਕਰ ਦਿੱਤੀ। ਜੀਰਾ ਨੇ ਕਿਹਾ, “ਮੈਨੂੰ ਰਾਣਾ ਅਤੇ ਰਾਵਣ ਵਿੱਚ ਜ਼ਿਆਦਾ ਫਰਕ ਨਹੀਂ ਦਿਸਦਾ।” ਰਾਣਾ ਵੱਲੋਂ ਹੁਣ ਤੱਕ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਆਈ। ਚਰਚਾ ਹੈ ਕਿ ਅਗਲੇ ਹਫਤੇ ਦਿੱਲੀ ਵਿੱਚ ਪੰਜਾਬ ਦੇ ਮੁੱਦਿਆਂ ’ਤੇ ਮੀਟਿੰਗ ਹੋਵੇਗੀ, ਜਿਸ ਵਿੱਚ ਨਿਗਰਾਨ ਸ਼ਾਮਲ ਹੋਣਗੇ।

ਇਸ ਵਿਵਾਦ ਦਾ ਮੁੱਖ ਕਾਰਨ ਰਾਣਾ ਗੁਰਜੀਤ ਦਾ ਇੱਕ ਯੂਟਿਊਬ ਚੈਨਲ ਨੂੰ ਦਿੱਤਾ ਇੰਟਰਵਿਊ ਹੈ। 8 ਸਕਿੰਟ ਦੀ ਵਾਇਰਲ ਕਲਿੱਪ ਵਿੱਚ ਰਾਣਾ ਨੇ ਕਿਹਾ, “ਮੈਂ ਤਾਂ ਇੱਕ ਗੱਲ ਜਾਣਦਾ ਹਾਂ, ਜਿਨ੍ਹਾਂ ਨੇ ਮੇਰੇ ਨਾਲ ਪੰਗਾ ਲਿਆ, ਉਹ ਹੈ ਨਹੀਂ।” ਐਂਕਰ ਦੇ ਸਵਾਲ ’ਤੇ ਕਿ “ਚਾਹੇ ਰਾਜਨੀਤੀ ਵਿੱਚ ਹੋਵੇ ਜਾਂ ਹੋਰ ਕਿਤੇ?”, ਰਾਣਾ ਦੀ ਇਸ ਟਿੱਪਣੀ ਨੇ ਸੋਸ਼ਲ ਮੀਡੀਆ ’ਤੇ ਤੂਫਾਨ ਮਚਾ ਦਿੱਤਾ। ਜੀਰਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਕਿਹਾ, “ਰਾਵਣ ਨੂੰ ਵੀ ਚਾਰੇ ਵੇਦਾਂ ਦਾ ਗਿਆਨ ਸੀ, ਪਰ ਅਹੰਕਾਰ ਨੇ ਉਸ ਦਾ ਪਤਨ ਕੀਤਾ। ਮੈਨੂੰ ਰਾਣਾ ਜੀ ਅਤੇ ਰਾਵਣ ਵਿੱਚ ਜ਼ਿਆਦਾ ਫਰਕ ਨਹੀਂ ਦਿਸਦਾ।”

 ਰਾਣਾ ਅਤੇ ਜੀਰਾ ਦੀ ਪੁਰਾਣੀ ਨੇੜਤਾ

ਰਾਣਾ ਅਤੇ ਜੀਰਾ ਪਹਿਲਾਂ ਕਾਫੀ ਕਰੀਬੀ ਮੰਨੇ ਜਾਂਦੇ ਸਨ। 2024 ਦੀਆਂ ਲੋਕ ਸਭਾ ਚੋਣਾਂ ਵਿੱਚ, ਜਦੋਂ ਜੀਰਾ ਨੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਵਿਰੁੱਧ ਚੋਣ ਲੜੀ, ਰਾਣਾ ਨੇ ਦਾਅਵਾ ਕੀਤਾ ਸੀ ਕਿ ਟਿਕਟ ਦਿਵਾਉਣ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਸੀ। ਨਾ ਸਿਰਫ਼ ਇਹ, ਸਗੋਂ ਰਾਣਾ ਨੇ ਜੀਰਾ ਦੇ ਚੋਣ ਪ੍ਰਚਾਰ ਦੀ ਅਗਵਾਈ ਵੀ ਕੀਤੀ ਸੀ। ਹਾਲਾਂਕਿ, ਜੀਰਾ ਇਹ ਚੋਣ ਨਹੀਂ ਜਿੱਤ ਸਕੇ। ਵਿਵਾਦ ਦੀ ਅਸਲ ਵਜ੍ਹਾ ਹੁਣ ਤੱਕ ਸਪੱਸ਼ਟ ਨਹੀਂ ਹੋਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment