ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਉੱਘੇ ਕਾਂਗਰਸੀ ਆਗੂ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਦੇਹਾਂਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵੀਰਭੱਦਰ ਸਿੰਘ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨਾਂ ਨੇ ਅੱਜ ਸਵੇਰੇ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ, ਸ਼ਿਮਲਾ ਵਿਖੇ ਆਖਰੀ ਸਾਹ ਲਏ। ਉਹ 87 ਵਰਿਆਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ।
ਆਪਣੇ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ, ‘‘ਮੈਨੂੰ ਵੀਰਭੱਦਰ ਸਿੰਘ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਹੈ। ਉਹ ਇੱਕ ਤਜ਼ੁਰਬੇਕਾਰ ਸਿਆਸਤਦਾਨ ਹੋਣ ਦੇ ਨਾਲ ਨਾਲ ਹੀ ਉੱਚ ਗੁਣਾਂ ਦੇ ਧਾਰਨੀ ਇੱਕ ਬੇਹੱਦ ਚੰਗੇ ਇਨਸਾਨ ਵੀ ਸਨ।’’
Deeply saddened to hear of the passing away of former Himachal CM Raja Virbhadra Singh Ji. An able administrator and a gentleman who was loved by the people, he was not just an elder brother but also a mentor to many to us. May God grant his soul eternal peace. pic.twitter.com/MyFknfZZjL
— Capt.Amarinder Singh (@capt_amarinder) July 8, 2021
ਛੇ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਵੀਰਭੱਦਰ ਸਿੰਘ ਵੱਲੋਂ ਦਿੱਤੀਆਂ ਗਈਆਂ ਬਹੁਮੁੱਲੀਆਂ ਸੇਵਾਵਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਨਾ ਸਿਰਫ ਪਹਾੜੀ ਸੂਬੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਪਰ ਇਸ ਦੇ ਨਾਲ ਹੀ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਵਿੱਚ ਵੀ ਅਹਿਮ ਕਿਰਦਾਰ ਅਦਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੀਰਭੱਦਰ ਸਿੰਘ ਦੇ ਦੇਹਾਂਤ ਨਾਲ ਕਾਂਗਰਸ ਵਿਚ ਇੱਕ ਖਲਾਅ ਪੈਦਾ ਹੋ ਗਿਆ ਹੈ ਅਤੇ ਪਾਰਟੀ ਅੰਦਰੂਨੀ ਮਸਲਿਆਂ ਸਬੰਧੀ ਉਨਾਂ ਦੀ ਸਲਾਹ ਅਤੇ ਵੱਡਮੁੱਲੀਆਂ ਸੇਵਾਵਾਂ ਤੋਂ ਵਾਂਝੀ ਹੋ ਗਈ ਹੈ।
ਮੁੱਖ ਮੰਤਰੀ ਨੇ ਸ਼ੋਕਗ੍ਰਸਤ ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।