ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਨੌਜਵਾਨ ਫੋਟੋ ਪੱਤਰਕਾਰ ਜੈ ਦੀਪ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 28 ਵਰ੍ਹਿਆਂ ਦੇ ਜੈ ਦੀਪ ਦਾ ਕੱਲ੍ਹ ਪਟਿਆਲਾ ਵਿਖੇ ਦੇਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ ਤੇ ਇਕ ਭੈਣ ਛੱਡ ਗਿਆ।
ਜੈ ਦੀਪ ਜਿਸ ਨੇ ਪਹਿਲਾਂ ਦੈਨਿਕ ਭਾਸਕਰ ਤੇ ਦੈਨਿਕ ਸਵੇਰਾ ਗਰੁੱਪ ਲਈ ਸੇਵਾਵਾਂ ਨਿਭਾਈਆਂ, ਦਾ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਕੁਝ ਦਿਨਾਂ ਬਾਅਦ ਹੀ ਦੇਹਾਂਤ ਹੋ ਗਿਆ। ਉਸ ਦੀ ਰਿਪੋਰਟ 18 ਅਗਸਤ ਨੂੰ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਹ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਸੀ। ਕੱਲ੍ਹ ਸ਼ਾਮ ਉਸ ਨੇ ਆਖਰੀ ਸਾਹ ਲਿਆ।
ਮੁੱਖ ਮੰਤਰੀ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਜੈ ਦੀਪ ਨੂੰ ਸਮਰਪਿਤ ਪੱਤਰਕਾਰ ਦੱਸਦਿਆਂ ਕਿਹਾ ਕਿ ਉਹ ਇੱਕ ਵਧੀਆ ਫੋਟੋਗ੍ਰਾਫਰ ਸਨ ਜਿਨ੍ਹਾਂ ਨੂੰ ਫੋਟੋ ਪੱਤਰਕਾਰੀ ਦੀ ਡੂੰਘੀ ਸਮਝ ਸੀ। ਮੁੱਖ ਮੰਤਰੀ ਨੇ ਦੁਖੀ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।
ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਜੈ ਦੀਪ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੁਖੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ।
Saddened to hear about the demise of Jaideep, a young photojournalist from Patiala, who unfortunately succumbed to #Covid19. My heartfelt condolences to his family and friends. RIP! 🙏
— Capt.Amarinder Singh (@capt_amarinder) August 24, 2020
ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸੂਬਾ ਸਰਕਾਰ ਤਰਫੋਂ ਸੋਮਵਾਰ ਦੀ ਸਵੇਰ ਜੈ ਦੀਪ ਦੇ ਅੰਤਿਮ ਸੰਸਕਾਰ ਮੌਕੇ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਭੇਂਟ ਕੀਤੀ।