ਮੋਹਾਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇਜ਼ ਬੁਖਾਰ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ਦੀ ਜਾਂਚ ਕਰ ਰਹੀ ਹੈ, ਪਰ ਹਸਪਤਾਲ ਵੱਲੋਂ ਅਜੇ ਤੱਕ ਕੋਈ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ।
ਪਿਛਲੇ ਦੋ ਦਿਨਾਂ ਤੋਂ ਬੀਮਾਰ ਚੱਲ ਰਹੇ ਭਗਵੰਤ ਮਾਨ ਦਾ ਮੁੱਖ ਮੰਤਰੀ ਨਿਵਾਸ ’ਤੇ ਹੀ ਇਲਾਜ ਚੱਲ ਰਿਹਾ ਸੀ। ਪਰ ਅੱਜ ਸ਼ਾਮ ਨੂੰ ਅਚਾਨਕ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜਨ ਕਾਰਨ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਪੰਜਾਬ ’ਚ ਹੜ੍ਹ ਦੀ ਸਥਿਤੀ ਨੂੰ ਵੇਖਦਿਆਂ ਉਨ੍ਹਾਂ ਨੇ ਅੱਜ ਕੈਬਨਿਟ ਮੀਟਿੰਗ ਵੀ ਬੁਲਾਈ ਸੀ, ਜਿਸ ਨੂੰ ਬਾਅਦ ’ਚ ਮੁਲਤਵੀ ਕਰ ਦਿੱਤਾ ਗਿਆ।
ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਵਿਗੜੀ ਸਿਹਤ
ਭਗਵੰਤ ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਗਾਤਾਰ ਦੌਰਾ ਕਰ ਰਹੇ ਸਨ। ਇਸ ਦੌਰਾਨ ਹੀ ਉਨ੍ਹਾਂ ਦੀ ਸਿਹਤ ਵਿਗੜਨੀ ਸ਼ੁਰੂ ਹੋਈ। ਬੁੱਧਵਾਰ (3 ਸਤੰਬਰ 2025) ਰਾਤ ਨੂੰ ਉਨ੍ਹਾਂ ਦੀ ਸਿਹਤ ਖਰਾਬ ਹੋਈ। ਗੁਰਦਾਸਪੁਰ ’ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਜਾਣ ਦਾ ਪ੍ਰੋਗਰਾਮ ਸੀ, ਪਰ ਉਹ ਨਹੀਂ ਜਾ ਸਕੇ। ਸੁਲਤਾਨਪੁਰ ਲੋਧੀ ’ਚ ਕੇਜਰੀਵਾਲ ਨੇ ਕਿਹਾ ਸੀ ਕਿ “ਭਗਵੰਤ ਮਾਨ ਸਾਹਿਬ ਦੀ ਸਿਹਤ ਠੀਕ ਨਹੀਂ ਹੈ, ਉਨ੍ਹਾਂ ਨੂੰ ਡਰਿਪ ਲੱਗੀ ਹੋਈ ਹੈ।” ਇਸ ਤੋਂ ਬਾਅਦ ਮਾਨ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸਨ। 4 ਸਤੰਬਰ ਨੂੰ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਮਿਲਣ ਵੀ ਪਹੁੰਚੇ ਸਨ।
ਪਿਛਲੇ ਸਾਲ ਵੀ ਹੋਏ ਸੀ ਭਰਤੀ
ਪਿਛਲੇ ਸਾਲ (2024) ’ਚ ਵੀ ਭਗਵੰਤ ਮਾਨ ਦੀ ਸਿਹਤ ਵਿਗੜ ਗਈ ਸੀ। 26 ਸਤੰਬਰ 2024 ਨੂੰ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਰੂਟੀਨ ਚੈੱਕਅਪ ’ਚ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਫੇਫੜਿਆਂ ਦੀ ਧਮਨੀਆਂ ’ਚ ਸੋਜਸ਼ ਸੀ, ਜਿਸ ਕਾਰਨ ਦਿਲ ’ਤੇ ਦਬਾਅ ਵਧ ਰਿਹਾ ਸੀ ਅਤੇ ਬਲੱਡ ਪ੍ਰੈਸ਼ਰ ’ਚ ਵੀ ਉਤਰਾਅ-ਚੜ੍ਹਾਅ ਹੋ ਰਿਹਾ ਸੀ। ਬਾਅਦ ’ਚ ਜਾਂਚ ’ਚ ਲੈਪਟੋਸਪਾਇਰੋਸਿਸ ਨਾਮਕ ਬੈਕਟੀਰੀਅਲ ਇਨਫੈਕਸ਼ਨ ਦੀ ਪੁਸ਼ਟੀ ਹੋਈ, ਜੋ ਬਾਰਸ਼ ਅਤੇ ਗੰਦੇ ਪਾਣੀ ਨਾਲ ਫੈਲਦਾ ਹੈ। ਡਾਕਟਰਾਂ ਨੇ ਐਂਟੀਬਾਇਓਟਿਕਸ ਨਾਲ ਇਲਾਜ ਸ਼ੁਰੂ ਕੀਤਾ ਅਤੇ ਕੁਝ ਦਿਨ ਨਿਗਰਾਨੀ ’ਚ ਰੱਖਣ ਤੋਂ ਬਾਅਦ 29 ਸਤੰਬਰ 2024 ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ।