ਪੇਂਡੂ ਇਲਾਕਿਆਂ ‘ਚ ਪੈਰ ਪਸਾਰ ਰਹੇ ਕੋਰੋਨਾ ਨੂੰ ਦੇਖਦਿਆਂ ਕੈਪਟਨ ਨੇ ਪਿੰਡ ਵਾਸੀਆਂ ਨੂੰ ਕੀਤੀ ਖ਼ਾਸ ਅਪੀਲ

TeamGlobalPunjab
2 Min Read

ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਹੁਣ ਪੇਂਡੂ ਇਲਾਕਿਆਂ ‘ਚ ਤੇਜੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਦੇ ਮੱਦੇਨਜਰ ਪੰਜਾਬ ਦੇ ਮੁੱਖ ਮੰਤਰੀ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ। ਕੈਪਟਨ ਨੇ ਕਿਹਾ ਕਿ ਆਪੋ-ਆਪਣੇ ਪਿੰਡਾਂ ‘ਚ ਸਿਰਫ ਉਨਾਂ ਵਿਅਕਤੀਆਂ ਨੂੰ ਦਾਖਲ ਹੋਣ ਦਿੱਤਾ ਜਾਵੇ ਜੋ ਕੋਰੋਨਾ ਵਾਇਰਸ ਤੋਂ ਮੁਕਤ ਹੋਣ।

ਮੁੱਖ ਮੰਤਰੀ ਨੇ ਅਗਲੇ ਦੋ ਮਹੀਨੇ ਪੇਂਡੂ ਇਲਾਕਿਆਂ ‘ਚ ਸਖਤ ਕਦਮ ਚੁੱਕਣ ਦਾ ਸੱਦਾ ਦਿੱਤਾ ਹੈ ਅਤੇ ਉਨਾਂ ਨੇ ਆਉਂਦੇ ਦੋ ਮਹੀਨਿਆਂ ਨੂੰ ਬਹੁਤ ਹੀ ਗੰਭੀਰ ਸਮਾਂ ਦੱਸਿਆ। ਉਨਾਂ ਕਿਹਾ,“ਹੁਣ ਦਿਹਾਤੀ ਖੇਤਰਾਂ ਵਿਚ ਕੋਵਿਡ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ ਜਿਸ ਕਰਕੇ ਸਾਨੂੰ ਬਹੁਤ ਸੰਭਲਣ ਦੀ ਲੋੜ ਹੈ।” ਉਨਾਂ ਨੇ ਪਿੰਡ ਵਾਸੀਆਂ ਨੂੰ ਠੀਕਰੀ ਪਹਿਰੇ ਲਾਉਣ ਦੀ ਵੀ ਅਪੀਲ ਕੀਤੀ ਤਾਂ ਕਿ ਬਾਹਰੀ ਲੋਕਾਂ ਨੂੰ ਦੂਰ ਰੱਖਣ ਅਤੇ ਸਿਰਫ ਕੋਵਿਡ ਮੁਕਤ ਲੋਕਾਂ ਨੂੰ ਪਿੰਡਾਂ ਵਿਚ ਪ੍ਰਵੇਸ਼ ਕਰਨ ਦੀ ਇਜਾਜਤ ਦਿੱਤੀ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਇਲਾਜ ਲਈ ਹਸਪਤਾਲ ਜਾਣ ‘ਚ ਦੇਰੀ ਨਾ ਕਰਨ। ਉਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ,“ਸਾਡੇ ਕੋਲ ਹਰੇਕ ਜਗਾ ਡਾਕਟਰਾਂ ਦੀਆਂ ਟੀਮਾਂ ਹਨ ਅਤੇ ਜੇਕਰ ਤੁਸੀਂ ਠੀਕ ਮਹਿਸੂਸ ਨਹੀਂ ਕਰਦੇ ਤਾਂ ਇਨਾਂ ਡਾਕਟਰਾਂ ਤੱਕ ਪਹੁੰਚ ਕਰੋ।”

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਬਿਮਾਰੀ ਦੇ ਤਿੰਨ ਪੜਾਅ ਹਨ, ਜਿਨਾਂ ਵਿੱਚੋਂ ਪਹਿਲੀ ਸਟੇਜ ਉਤੇ ਘਰ ਵਿਚ ਹੀ ਪ੍ਰਬੰਧਨ ਕੀਤਾ ਜਾ ਸਕਦਾ ਹੈ। ਉਨਾਂ ਨੇ ਲੋਕਾਂ ਨੂੰ ਲੱਛਣਾਂ ਦਾ ਪਹਿਲਾ ਸੰਕੇਤ ਮਿਲਣ ਉਤੇ ਹੀ ਤੁਰੰਤ ਡਾਕਟਰ ਕੋਲ ਜਾਣ ਲਈ ਆਖਿਆ। ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ,“ਇਲਾਜ ਕਰਨ ਦਾ ਫੈਸਲਾ ਡਾਕਟਰਾਂ ਨੂੰ ਕਰਨ ਦਿਓ, ਆਪਣੇ ਆਪ ਹੀ ਜਾਂਚ ਅਤੇ ਦਵਾਈਆਂ ਨਾ ਲਈ ਜਾਓ।”

Share This Article
Leave a Comment