ਚੰਡੀਗੜ੍ਹ: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਤੀਸਰੀ ਵਾਰ ਮੁੜ ਤੋਂ ਸੰਮਨ ਜਾਰੀ ਕੀਤੇ ਹਨ। ਰਣਇੰਦਰ ਸਿੰਘ ਵਿਰੁੱਧ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਤਹਿਤ ਕੇਸ ਚੱਲ ਰਿਹਾ ਹੈ। ਜਿਸ ਤਹਿਤ ਈਡੀ ਨੇ ਹੁਣ ਤੀਸਰੀ ਵਾਰ ਸੰਮਨ ਭੇਜਦੇ ਹੋਏ 19 ਨਵੰਬਰ ਨੂੰ ਜਲੰਧਰ ਦਫ਼ਤਰ ‘ਚ ਪੇਸ਼ ਹੋਣ ਲਈ ਕਿਹਾ ਹੈ। ਰਣਇੰਦਰ ਸਿੰਘ ਤੋਂ ਈਡੀ ਵਿਦੇਸ਼ ਵਿੱਚ ਕਾਲਾ ਧਨ ਅਤੇ ਜ਼ਾਇਦਾਦ ਬਣਾਉਣ ਸਬੰਧੀ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਲਈ ਈਡੀ ਦੋ ਵਾਰ ਪਹਿਲਾਂ ਵੀ ਸੰਮਨ ਜਾਰੀ ਕਰ ਚੁੱਕੀ ਹੈ।
ਈਡੀ ਨੇ ਪਹਿਲਾ ਸੰਮਨ ਜਾਰੀ ਕਰਕੇ 27 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਸ ਸਮੇਂ ਰਣਇੰਦਰ ਸਿੰਘ ਦੇ ਵਕੀਲ ਤੇ ਕਾਂਗਰਸ ਦੇ ਸੀਨੀਅਰ ਲੀਡਰ ਜੈਵੀਰ ਸ਼ੇਰਗਿੱਲ ਨੇ ਰਣਇੰਦਰ ਦੇ ਨਾਂ ਆਉਣ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਉਹਨਾਂ ਨੇ ਓਲੰਪਿਕ ਖੇਡਾਂ 2021 ਦੇ ਸਬੰਧ ਵਿੱਚ ਸੁਣਵਾਈ ਲਈ ਸੰਸਦੀ ਸਥਾਈ ਕਮੇਟੀ ਅੱਗੇ ਪੇਸ਼ ਹੈ। ਇਸ ਤੋਂ ਬਾਅਦ ਈਡੀ ਨੇ ਮੁੜ ਨੋਟਿਸ ਭੇਜਿਆ ਤੇ 6 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ।
ਦੂਜੀ ਵਾਰ ਦੀ ਪੇਸ਼ ਵਿੱਚ ਐਡਵੋਕੇਟ ਜੈਵੀਰ ਸ਼ੇਰਗਿੱਲ ਨੇ ਕਿਹਾ ਸੀ ਕਿ ਰਣਇੰਦਰ ਸਿੰਘ ਨੂੰ ਬੁਖਾਰ ਹੋਣ ਕਰਕੇ ਉਹ ਨਹੀਂ ਆ ਸਕਦੇ ਕਿਉਂਕਿ ਪੇਸ਼ੀ ਤੋਂ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਇੱਕ ਸਮਾਗਮ ‘ਚ ਸ਼ਾਮਲ ਹੋਏ ਸਨ ਤੇ ਉੱਥੇ ਇੱਕ ਅਧਿਕਾਰੀ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ।
ਜਿਸ ਕਾਰਨ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਇਕਾਂਤਵਾਸ ਕੀਤਾ ਹੋਇਆ ਤੇ ਰਣਇੰਦਰ ਸਿੰਘ ਵੀ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ‘ਚ ਆਏ ਹਨ। ਰਣਇੰਦਰ ਸਿੰਘ ਨੇ ਵੀ ਆਪਣੇ ਆਪ ਨੂੰ ਇਕਾਂਤਵਾਸ ਕੀਤਾ ਹੈ। ਇਸ ਲਈ ਰਣਇੰਦਰ 6 ਨਵੰਬਰ ਨੂੰ ਨਹੀਂ ਪੇਸ਼ ਹੋ ਸਕਦੇ। ਇਹਨਾਂ ਤਰੀਕਾਂ ਤੋਂ ਬਾਅਦ ਹੁਣ ਈਡੀ ਨੇ ਨਵੇਂ ਸੰਮਨ ਜਾਰੀ ਕੀਤੇ ਹਨ।