ਮੁੱਖ ਮੰਤਰੀ ਅਤੇ ਵਿੱਤ ਮੰਤਰੀ ਆਪਣੇ ਪ੍ਰਧਾਨ ਨਵਜੋਤ ਸਿੱਧੂ ਦੇ ਸਵਾਲਾਂ ਦੇ ਜਵਾਬ ਦੇਣ: ਹਰਪਾਲ ਚੀਮਾ

TeamGlobalPunjab
4 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਚੰਨੀ ਸਰਕਾਰ ਵੱਲੋਂ ਹਰ ਦਿਨ ਕੀਤੇ ਜਾਂਦੇ ਐਲਾਨਾਂ ਨੂੰ ਚੋਣਵੀਂ ਸਟੰਟ ਕਰਾਰ ਦਿੰਦਿਆਂ ਚੁਣੌਤੀ ਦਿੱਤੀ ਕਿ ਚੰਨੀ ਸਰਕਾਰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਵਾਲਾਂ ਦੇ ਖੁੱਲ੍ਹੇ ਮੰਚ ‘ਤੇ ਜਵਾਬ ਦੇਵੇ, ਜੋ ਚੰਨੀ ਸਰਕਾਰ ਦੇ ਐਲਾਨਾਂ ਨੂੰ ਤਿੰਨ ਮਹੀਨਿਆਂ ਦੇ ਜ਼ੁਮਲੇ ਕਹਿ ਕੇ ਪ੍ਰਚਾਰ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਦਾ ਖ਼ਜ਼ਾਨਾ ਵੀ ਖ਼ਾਲੀ ਦੱਸ ਰਹੇ ਹਨ।

ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ, ”ਪੰਜਾਬ ਸਰਕਾਰ ਜਦੋਂ ਕੋਈ ਲੋਕ ਭਲਾਈ ਕੰਮਾਂ ਦਾ ਐਲਾਨ ਕਰਦੀ ਹੈ, ਤਾਂ ‘ਆਪ’ ਇਨ੍ਹਾਂ ਦਾ ਸਵਾਗਤ ਕਰਦੀ ਹੈ, ਪਰੰਤੂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਰਕਾਰ ਦੇ ਐਲਾਨਾਂ ਨੂੰ ਜ਼ੁਮਲੇ ਕਰਾਰ ਦੇ ਰਹੇ ਹਨ। ਇਸ ਲਈ ਹਰ ਨਾਗਰਿਕ ਨੂੰ ਖ਼ਦਸ਼ਾ ਪੈਦਾ ਹੋ ਜਾਂਦਾ ਹੈ ਕਿ ਇਹ ਚੰਨੀ ਸਰਕਾਰ ਦੇ ਕੰਮ ਹਨ ਜਾਂ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਐਲਾਨ।” ਉਨ੍ਹਾਂ ਕਿਹਾ ਕਿ ਅੱਜ ਵੀ ਸ਼ੱਕ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਸਿਰਫ਼ ਐਲਾਨ ਕਰ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਇਨ੍ਹਾਂ ਸਾਰੇ ਐਲਾਨਾਂ ਦੀ ਸਕਰਿਪਟ ‘ਪ੍ਰਸ਼ਾਂਤ ਕਿਸ਼ੋਰ’ ਦੇ ਸਟਾਈਲ ਵਿੱਚ ਲਿਖੀ ਗਈ ਹੈ, ਜਿਸ ਨੇ 2017 ਵਿੱਚ ਸੰਪੂਰਨ ਕਰਜ਼ਾ ਮੁਆਫ਼ ਕਰਨ, ਨਸ਼ੇ ਦਾ ਲੱਕ ਤੋੜਨ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁਕਾਈ ਸੀ, ਪਰੰਤੂ ਸੱਤਾ ਵਿੱਚ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਹੀ ਸਾਰੇ ਵਾਅਦਿਆਂ ਤੋਂ ਮੁੱਕਰ ਗਈ ਸੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੇ ਮੁੱਦੇ ਪਿਛਲੇ ਪੌਣੇ ਪੰਜਾਂ ਸਾਲਾਂ ਦੌਰਾਨ ਚੁੱਕਦੀ ਰਹੀ ਹੈ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਨ੍ਹਾਂ ਗੱਲਾਂ ਦੀ ਹੀ ਪ੍ਰੋੜ੍ਹਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਹੈ ਕਿ ਪਹਿਲਾਂ ਸਾਢੇ 4 ਸਾਲ ਕੈਪਟਨ ਦੀ ਸਰਕਾਰ ਅਤੇ ਹੁਣ ਆਖ਼ਰੀ ਢਾਈ ਮਹੀਨਿਆਂ ਵਿੱਚ ਚੰਨੀ ਦੀ ਸਰਕਾਰ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਨ ਦੇ ਨਾਲ-ਨਾਲ ਜੁਮਲੇਬਾਜੀ ਕਰਕੇ ਵੋਟ ਬੈਂਕ ਦੀ ਰਾਜਨੀਤੀ ਕਰ ਰਹੀ ਹੈ। ਕਾਂਗਰਸ ਸਰਕਾਰ ਵਿੱਚ ਸਭ ਤੋਂ ਵੱਡਾ ਦੋਗਲਾ ਰੋਲ ਮਨਪ੍ਰੀਤ ਬਾਦਲ ਨਿਭਾ ਰਹੇ ਹਨ, ਜੋ ਪਹਿਲਾਂ ਕੈਪਟਨ ਦੇ ਵਿੱਤ ਮੰਤਰੀ ਸੀ ਅਤੇ ਹੁਣ ਚਰਨਜੀਤ ਸਿੰਘ ਚੰਨੀ ਦੇ ਵਿੱਤ ਮੰਤਰੀ ਹੈ, ਸਗੋਂ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਵੀ ਵਿੱਤ ਮੰਤਰੀ ਹੁੰਦਾ ਸੀ।

ਚੀਮਾ ਨੇ ਕਿਹਾ, ”ਮਨਪ੍ਰੀਤ ਬਾਦਲ ਕਰੀਬ 13 ਸਾਲਾਂ ਤੋਂ ਪੰਜਾਬ ਦੇ ਵਿੱਤ ਮੰਤਰੀ ਬਣਦੇ ਆ ਰਹੇ ਹਨ, ਪਰੰਤੂ ਅਫ਼ਸੋਸ ਮਨਪ੍ਰੀਤ ਬਾਦਲ ਦੇ ਮੂੰਹੋਂ ਇੱਕ ਵਾਰ ਵੀ ਇਹ ਨਹੀਂ ਨਿਕਲਿਆ ਕਿ ਪੰਜਾਬ ਦਾ ਖ਼ਜ਼ਾਨਾ ਭਰਿਆ ਹੋਇਆ ਹੈ।” ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇਕੱਠੇ ਬੈਠ ਕੇ ਖੁੱਲ੍ਹੇ ਮੰਚ ‘ਤੇ ਦੱਸਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੇ ਖ਼ਜ਼ਾਨੇ ਦੀ ਅਸਲ ਹਾਲਤ ਕੀ ਹੈ? ਕਿਉਂਕਿ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖ਼ਜ਼ਾਨਾ ਖ਼ਾਲੀ ਹੋਣ ਦੀ ਦੁਹਾਈ ਪਾ ਰਹੇ ਹਨ, ਦੂਜੇ ਪਾਸੇ ਮੁੱਖ ਮੰਤਰੀ ਚੰਨੀ ਰੋਜ਼ ਨਵੇਂ-ਨਵੇਂ ਚੋਣਾਵੀ ਐਲਾਨ ਕਰ ਰਹੇ ਹਨ।

- Advertisement -

‘ਆਪ’ ਆਗੂ ਨੇ ਮੁੱਖ ਮੰਤਰੀ ਚੰਨੀ ਨੂੰ ਕਿਹਾ ਕਿ ਉਹ ਐਲਾਨ ਨਾ ਕਰਨ, ਸਗੋਂ ਅਮਲ ਕਰਨ, ਕਿਉਂਕਿ ਹੁਣ ਸਮਾਂ ਹੈ, ਕਾਂਗਰਸ ਸਰਕਾਰ ਆਪਣੇ ਮੈਨੀਫੈਸਟੋ ਦੇ ਵਾਅਦੇ ਪੂਰਾ ਕਰੇ। ਚੀਮਾ ਨੇ ਮੁੱਖ ਮੰਤਰੀ ਚੰਨੀ ਨੂੰ ਸੰਬੋਧਨ ਹੁੰਦਿਆਂ ਮੰਗ ਕੀਤੀ, ”ਸਾਡੀ ਗੱਲ ਛੱਡੋ ਅਸੀਂ ਵਿਰੋਧੀ ਧਿਰ ਵਿੱਚ ਹਾਂ। ਸਾਡੀ ਜ਼ਿੰਮੇਵਾਰੀ ਪੰਜਾਬ ਦੇ ਭਖਵੇਂ ਮੁੱਦਿਆਂ ਚੁੱਕਣਾ ਹੈ। ਮੁੱਖ ਮੰਤਰੀ ਜੀ ਘੱਟੋ-ਘੱਟ ਆਪਣੇ ਪ੍ਰਧਾਨ (ਨਵਜੋਤ ਸਿੱਧੂ) ਦੇ ਸਵਾਲਾਂ ਦੇ ਹੀ ਜਵਾਬ ਦੇ ਦਿਓ, ਜੋ ‘ਆਪ’ ਵੱਲੋਂ ਪ੍ਰਗਟ ਕੀਤੇ ਖ਼ਦਸ਼ਿਆਂ ਦੀ ਪ੍ਰੋੜ੍ਹਤਾ ਕਰ ਰਹੇ ਹਨ।”

Share this Article
Leave a comment