ਚੰਡੀਗੜ੍ਹ: ਪੰਜਾਬ ਵਿੱਚ ਅੱਜ ਯਾਨੀ ਅਪ੍ਰੈਲ ਤੋਂ ਸਵੈ-ਗਣਨਾ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ, ਜੋ 14 ਮਈ ਤੱਕ ਜਾਰੀ ਚੱਲੇਗੀ। ਇਸ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਤੋਂ ਕਰਨਗੇ। ਇਸ ਕੰਮ ਲਈ ਲਗਭਗ 67 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਪਹਿਲੀ ਵਾਰ ਲੋਕਾਂ ਨੂੰ ਆਪਣੀ ਜਾਣਕਾਰੀ ਆਨਲਾਈਨ ਭਰਨ ਦੀ ਸਹੂਲਤ ਵੀ ਦਿੱਤੀ ਗਈ ਹੈ।
ਸਵੈ-ਗਣਨਾ ਲਈ ਇਕ ਵੈੱਬ ਪੋਰਟਲ ਬਣਾਇਆ ਗਿਆ ਹੈ, ਜਿਸ ’ਤੇ ਲੋਕ ਘਰ-ਘਰ ਸਰਵੇ ਤੋਂ ਪਹਿਲਾਂ ਆਪਣਾ ਡਾਟਾ ਖੁਦ ਭਰ ਸਕਦੇ ਹਨ। ਇਸ ਵਿੱਚ 16 ਭਾਸ਼ਾਵਾਂ ਵਿੱਚ ਫਾਰਮ ਭਰਨ ਦੀ ਸਹੂਲਤ ਹੈ ਅਤੇ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਇੱਛੁਕ ਹੈ। ਜੇ ਕੋਈ ਵਿਅਕਤੀ ਆਨਲਾਈਨ ਫਾਰਮ ਨਹੀਂ ਭਰਦਾ, ਤਾਂ ਸਰਕਾਰੀ ਮੁਲਾਜ਼ਮ ਘਰ ਆ ਕੇ ਜਾਣਕਾਰੀ ਇਕੱਠੀ ਕਰਨਗੇ।
15 ਮਈ ਤੋਂ 13 ਜੂਨ ਤੱਕ ਪਹਿਲੇ ਪੜਾਅ ਵਿੱਚ ਮਕਾਨ ਅਤੇ ਆਵਾਸ ਗਿਣਤੀ ਕੀਤੀ ਜਾਵੇਗੀ। ਇਸ ਦੌਰਾਨ ਮੁਲਾਜ਼ਮ ਘਰ-ਘਰ ਜਾ ਕੇ ਲਗਭਗ 33 ਸਵਾਲ ਪੁੱਛਣਗੇ, ਜੋ ਘਰ ਅਤੇ ਸਹੂਲਤਾਂ ਨਾਲ ਸਬੰਧਤ ਹੋਣਗੇ।
ਲੋਕ ਸਵੇਰੇ 6 ਵਜੇ ਤੋਂ ਰਾਤ 12 ਵਜੇ ਤੱਕ ਹੀ ਪੋਰਟਲ ਦੀ ਵਰਤੋਂ ਕਰ ਸਕਦੇ ਹਨ। ਸਰਕਾਰ ਨੇ ਸਲਾਹ ਦਿੱਤੀ ਹੈ ਕਿ ਕਿਸੇ ਹੋਰ ਪਰਿਵਾਰ ਦੇ ਮੋਬਾਈਲ ਨੰਬਰ ਦੀ ਵਰਤੋਂ ਨਾ ਕੀਤੀ ਜਾਵੇ, ਨਕਲੀ ਜਾਣਕਾਰੀ ਨਾ ਭਰੀ ਜਾਵੇ।
ਇਹ 3 ਸਵਾਲ ਪੁੱਛੇ ਜਾਣ ‘ਤੇ ਨਾ ਦਿਓ ਜਵਾਬ
ਆਮਦਨ: ਮਹੀਨੇ ਦੀ ਕਮਾਈ ਜਾਂ ਬੈਂਕ ਬੈਲੈਂਸ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਨਾ ਦਿਓ।
ਦਸਤਾਵੇਜ਼: ਆਧਾਰ, ਪੈਨ ਜਾਂ ਹੋਰ ਕਿਸੇ ਵੀ ਪਹਿਚਾਣ ਪੱਤਰ ਨੂੰ ਦਿਖਾਉਣ ਦੀ ਲੋੜ ਨਹੀਂ।
ਬੈਂਕ ਡੀਟੇਲ: ਖਾਤਾ ਨੰਬਰ, OTP ਜਾਂ ਹੋਰ ਨਿੱਜੀ ਬੈਂਕ ਜਾਣਕਾਰੀ ਸਾਂਝੀ ਨਾ ਕਰੋ।
ਹੋਰ ਮਹੱਤਵਪੂਰਨ ਗੱਲਾਂ
ਲਿਵ-ਇਨ ਰਿਲੇਸ਼ਨ: ਲੰਮੇ ਸਮੇਂ ਤੋਂ ਇਕੱਠੇ ਰਹਿ ਰਹੇ ਜੋੜੇ ਨੂੰ ‘ਵਿਆਹਿਆ ਜੋੜਾ’ ਮੰਨਿਆ ਜਾਵੇਗਾ।
ਰੇਡੀਓ-ਟੀਵੀ: ਜੇ ਮੋਬਾਈਲ ਵਿੱਚ FM ਹੈ ਤਾਂ ਉਹ ‘ਰੇਡੀਓ’ ਮੰਨਿਆ ਜਾਵੇਗਾ, ਪਰ ਮੋਬਾਈਲ ‘ਤੇ ਯੂਟਿਊਬ ਦੇਖਣਾ ‘ਟੀਵੀ’ ਨਹੀਂ ਗਿਣਿਆ ਜਾਵੇਗਾ।
ਵਾਹਨ: ਟ੍ਰੈਕਟਰ ਨੂੰ ਕਾਰ/ਜੀਪ ਵਿੱਚ ਨਹੀਂ ਜੋੜਿਆ ਜਾਵੇਗਾ, ਅਤੇ ਈ-ਰਿਕਸ਼ਾ ਜਾਂ ਆਟੋ ਨੂੰ ਕਾਰ ਜਾਂ ਬਾਈਕ ਨਹੀਂ ਮੰਨਿਆ ਜਾਵੇਗਾ।
ਪਾਣੀ: ਘਰ ਵਿੱਚ ਨਲ ਹੋਣ ਦੇ ਬਾਵਜੂਦ ਜੇ ਤੁਸੀਂ ਬੋਤਲ ਜਾਂ ਕੈਨ ਵਾਲਾ ਪਾਣੀ ਵਰਤਦੇ ਹੋ ਤਾਂ ‘ਬੋਤਲਡ ਵਾਟਰ’ ਦਰਜ ਕਰੋ।
ਰਸੋਈ: ਜੇ ਇੱਕੋ ਕਮਰੇ ਵਿੱਚ ਖਾਣਾ ਬਣਦਾ ਤੇ ਸੌਂਦੇ ਹੋ, ਤਾਂ ਉਸਨੂੰ ਵੱਖਰੀ ਰਸੋਈ ਨਹੀਂ ਮੰਨਿਆ ਜਾਵੇਗਾ। ਰਸੋਈ ਤਦ ਹੀ ਮੰਨੀ ਜਾਵੇਗੀ ਜਦੋਂ ਉਹ ਅਲੱਗ ਹੋਵੇ।
ਸੂਬੇ ਵਿੱਚ 2027 ਦੀ ਜਨਗਣਨਾ ਲਈ 51,561 ਹਾਊਸ ਲਿਸਟਿੰਗ ਬਲਾਕ ਬਣਾਏ ਗਏ ਹਨ। ਇਸ ਕੰਮ ਲਈ 56,544 ਐਨਯੂਮਰੇਟਰ ਅਤੇ 10,368 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ। ਹਰ ਐਨਯੂਮਰੇਟਰ ਨੂੰ ਲਗਭਗ 700–800 ਲੋਕਾਂ ਦਾ ਡਾਟਾ ਇਕੱਠਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ।
ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ 1855 ਹੈਲਪਲਾਈਨ ਨੰਬਰ ’ਤੇ ਸੰਪਰਕ ਕਰ ਸਕਦੇ ਹਨ। ਇਹ ਸੇਵਾ 16 ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਜ਼ਰੂਰਤ ਪੈਣ ’ਤੇ ਅਧਿਕਾਰੀਆਂ ਨਾਲ ਸਿੱਧੀ ਗੱਲ ਵੀ ਕਰਵਾਈ ਜਾ ਸਕਦੀ ਹੈ।

