ਚੰਡੀਗੜ੍ਹ :ਵਿਸ਼ਵ ਪੁਸਤਕ ਦਿਵਸ ਜਾਂ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਹਰ ਸਾਲ 23 ਅਪਰੈਲ ਨੂੰ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਸਿੱਖਿਆ ਸੰਗਠਨ ‘ਯੂਨੈਸਕੋ’ ਵੱਲੋਂ ਪੜ੍ਹਨ ਅਤੇ ਪ੍ਰਕਾਸ਼ਨ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਬੌਧਿਕ ਸੰਪਤੀ ਨੂੰ ਕਾਪੀਰਾਈਟ ਰਾਹੀਂ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਹ ਦਿਨ ਮਨਾਇਆ ਜਾਂਦਾ ਹੈ। ਇਹ ਦਿਨ ‘ਯੂਨੈਸਕੋ’ ਦੇ ਫੈਸਲੇ ਦੇ ਅਨੁਸਾਰ ਪਹਿਲੀ ਵਾਰ 1995 ਵਿੱਚ ਮਨਾਇਆ ਗਿਆ।
ਮਹਾਨ ਲੇਖਕਾਂ ਨਾਲ ਇਸ ਦਿਨ ਸੰਬੰਧ -:
23 ਅਪਰੈਲ ਵਿਸ਼ਵ ਸਾਹਿਤ ਦੀ ਦੁਨੀਆ ਵਿੱਚ ਕਈ ਹੋਰ ਪ੍ਰਸਿੱਧ ਪ੍ਰਤੀਨਿਧ ਲੇਖਕਾਂ ਦੇ ਜਨਮ ਅਤੇ ਮੌਤ ਦੀ ਤਾਰੀਖ ਨਾਲ ਵੀ ਜੁੜਿਆ ਹੋਇਆ ਹੈ। ਵਿਲੀਅਮ ਸ਼ੈਕਸਪੀਅਰ ਦੀ ਜਨਮ ਅਤੇ ਮੌਤ (1564-1616 ਈ:) ਵੀ ਇਸੇ ਦਿਨ ਹੋਈ ਸੀ। ਮਿਗੈਲ ਦੇ ਸਰਵਾਂਤੇਸ, ਇੰਕਾ ਗਾਰਸੀਲਾਸੋ ਡੀ ਲਾ ਵੇਗਾ, ਜੌਸੇਪ ਪਲਾ ਅਤੇ ਭਾਰਤ ਦੇ ਪ੍ਰਸਿੱਧ ਸੰਗੀਤਕਾਰ ਉਸਤਾਦ ਬੜੇ ਗੁਲਾਮ ਅਲੀ ਖਾਂ ਦਾ ਦਿਹਾਂਤ ਵੀ ਇਹੋ ਦਿਨ ਹੋਇਆ । ਮਾਰੀਸ ਦਰੂਓਂ, ਵਲਾਦੀਮੀਰ ਨਾਬੋਕੋਵ, ਮੈਨੁਇਲ ਮੇਜ਼ੀਆ ਵਲੇਜ਼ੋ ਅਤੇ ਹਾਲਦਾਰ ਲੈਕਸਨੈਸ ਜਿਹੇ ਕਈ ਹੋਰ ਮਹੱਤਵਪੂਰਨ ਲੇਖਕਾਂ ਦਾ ਜਨਮ ਇਸੇ ਦਿਨ ਹੋਇਆ ਸੀ।
ਦੱਸ ਦਿੰਦੇ ਹਾਂ ਕਿ ਅੱਜ ਵਿਸ਼ਵ ਪੁਸਤਕ ਦਿਵਸ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਵਧਾਈ ਦਿੰਦਿਆਂ ਪੁਸਤਕ ਤੋਹਫ਼ੇ ਦੇ ਰੂਪ ਵਿੱਚ ਦੇਣ ਦਾ ਸੱਭਿਆਚਾਰ ਪੈਦਾ ਕਰਨ ਦੀ ਲੋੜ ਦੱਸਿਆ ਹੈ।ਮੀਤ ਹੇਅਰ ਨੇ ਟਵੀਟ ਕੀਤਾ ਹੈ, “ਅੱਜ ਵਿਸ਼ਵ ਪੁਸਤਕ ਦਿਵਸ ਮੌਕੇ ਸਮੂਹ ਲੇਖਕਾਂ ਤੇ ਪਾਠਕਾਂ ਨੂੰ ਵਧਾਈ ਦਿੰਦਾ ਹਾਂ। ਪੁਸਤਕ ਇਨਸਾਨ ਦਾ ਉਹ ਗਹਿਣਾ ਹੈ ਜੋ ਉਸ ਦੇ ਸਖਸ਼ੀਅਤ ਨੂੰ ਸਭ ਤੋਂ ਵੱਧ ਨਿਖਾਰਦਾ ਹੈ। ਪੁਸਤਕਾਂ ਤਾਂ ਸਾਰੀ ਉਮਰ ਸਾਡੀ ਅਗਵਾਈ ਕਰਦੀਆਂ ਹਨ। ਸਮਾਂ ਮਿਲਣ ਉਤੇ ਕਿਤਾਬਾਂ ਪੜ੍ਹਨਾ ਮੇਰਾ ਸ਼ੌਕ ਹੈ। ਪੁਸਤਕਾਂ ਤੋਹਫ਼ੇ ਦੇ ਰੂਪ ਵਿੱਚ ਦੇਣ ਦਾ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ।” ਤਾਂ ਜੋ ਆਉਣ ਵਾਲੇ ਬੱਚੇ ਖੁਸ਼ੀ ਦੇ ਮੌਕੇ ਇੱਕ ਦੂਜੇ ਨੂੰ ਪੁਸਤਕਾਂ ਦਾ ਗਹਿਣਾ ਦੇਣ। ਇਸ ਨਾਲ ਪੜ੍ਹਨ ਦਾ ਸ਼ੌਕ ਪੈਦਾ ਹੁੰਦਾ ਹੈ ਤੇ ਕਿਤਾਬਾਂ ਨਾਲ ਪਿਆਰ ਵਧਦਾ ਹੈ।