ਚੰਡੀਗੜ੍ਹ:ਪੰਜਾਬ ਵਿੱਚ ਮੰਗਲਵਾਰ, 4 ਅਗਸਤ ਨੂੰ ਵੀ ਲੋਕਾਂ ਨੂੰ ਸਫ਼ਰ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। PRTC ਅਤੇ ਪਨਬੱਸ ਦੇ ਠੇਕਾ ਮੁਲਾਜ਼ਮ ਆਪਣੀ ਹੜਤਾਲ ‘ਤੇ ਡਟੇ ਹੋਏ ਹਨ, ਜਿਸ ਕਾਰਨ ਜ਼ਿਆਦਾਤਰ ਸਰਕਾਰੀ ਬੱਸਾਂ ਦੇ ਪਹੀਏ ਠੱਪ ਹਨ। ਇਸ ਵੇਲੇ ਸਿਰਫ਼ ਨਾਮਾਤਰ ਬੱਸਾਂ ਹੀ ਚਲਾਈਆਂ ਜਾ ਰਹੀਆਂ ਹਨ, ਜਿਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਖਾਸੀ ਪਰੇਸ਼ਾਨੀ ਹੋ ਰਹੀ ਹੈ।
ਮੋਹਾਲੀ ਵਿੱਚ ਭੁੱਖ ਹੜਤਾਲ ਅਤੇ CM ਰਿਹਾਇਸ਼ ਵੱਲ ਕੂਚ
ਮੁਲਾਜ਼ਮ ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਕਰਮਚਾਰੀ ਅੱਜ ਮੋਹਾਲੀ ਦੇ ਫੇਜ਼-6 ਬੱਸ ਸਟੈਂਡ ‘ਤੇ ਇਕੱਠੇ ਹੋਣਗੇ। ਇੱਥੇ ਉਹ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨਗੇ। ਇਸ ਤੋਂ ਬਾਅਦ ਦੁਪਹਿਰ ਵੇਲੇ ਮੁਲਾਜ਼ਮ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਵੀ ਕਰਨਗੇ। ਇਸ ਨੂੰ ਦੇਖਦਿਆਂ ਮੋਹਾਲੀ ਅਤੇ ਚੰਡੀਗੜ੍ਹ ਪੁਲਿਸ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।
2,200 ਤੋਂ ਵੱਧ ਬੱਸਾਂ ਬੰਦ, ਕਰੋੜਾਂ ਦਾ ਨੁਕਸਾਨ
ਸੋਮਵਾਰ ਨੂੰ ਹੜਤਾਲ ਕਾਰਨ ਪੰਜਾਬ ਵਿੱਚ 2,200 ਤੋਂ ਵੱਧ ਸਰਕਾਰੀ ਬੱਸਾਂ ਨਹੀਂ ਚੱਲੀਆਂ। ਇਸ ਨਾਲ ਕਰੀਬ 1,000 ਤੋਂ 1,100 ਬੱਸ ਰੂਟ ਪ੍ਰਭਾਵਿਤ ਰਹੇ। ਮੁਲਾਜ਼ਮਾਂ ਦਾ ਦਾਅਵਾ ਹੈ ਕਿ ਇੱਕ ਹੀ ਦਿਨ ਵਿੱਚ ਲਗਭਗ 4 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਬੱਸਾਂ ਨਾ ਚੱਲਣ ਕਾਰਨ ਰੋਜ਼ਾਨਾ ਯਾਤਰਾ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਖ਼ਾਸ ਕਰਕੇ ਮੁਫ਼ਤ ਸਰਕਾਰੀ ਬੱਸ ਯਾਤਰਾ ਦਾ ਲਾਭ ਲੈਣ ਵਾਲੀਆਂ ਮਹਿਲਾਵਾਂ ਵੀ ਪ੍ਰਭਾਵਿਤ ਹੋਈਆਂ। ਵਿਭਾਗ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਸਬਸਿਡੀ ਦਾ ਲਾਭ ਵੀ ਬੱਸਾਂ ਬੰਦ ਰਹਿਣ ਕਾਰਨ ਨਹੀਂ ਮਿਲੇਗਾ।
ਯਾਤਰੀਆਂ ਲਈ ਇਹ ਹਨ ਵਿਕਲਪ
- ਪ੍ਰਾਈਵੇਟ ਜਾਂ ਹੋਰ ਸੂਬਿਆਂ ਦੀਆਂ ਬੱਸਾਂ ਵਿੱਚ ਸਫ਼ਰ ਕਰਨ ਤੋਂ ਪਹਿਲਾਂ ਕਿਰਾਏ ਦੀ ਜਾਣਕਾਰੀ ਜ਼ਰੂਰ ਲੈ ਲਓ, ਕਿਉਂਕਿ ਭੀੜ ਕਾਰਨ ਕਿਰਾਏ ਪ੍ਰਭਾਵਿਤ ਹੋ ਸਕਦੇ ਹਨ।
- ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਕੁਝ ਰੈਗੂਲਰ ਮੁਲਾਜ਼ਮਾਂ ਵਾਲੀਆਂ ਬੱਸਾਂ ਚੱਲ ਰਹੀਆਂ ਹਨ, ਉਨ੍ਹਾਂ ਬਾਰੇ ਬੱਸ ਸਟੈਂਡ ਜਾਂ ਹੈਲਪ ਡੈਸਕ ਤੋਂ ਜਾਣਕਾਰੀ ਲੈ ਕੇ ਹੀ ਰਵਾਨਾ ਹੋਵੋ।
- ਲੰਬੀ ਦੂਰੀ ਦੇ ਸਫ਼ਰ ਲਈ ਰੇਲਗੱਡੀ ਦਾ ਵਿਕਲਪ ਵੀ ਅਪਣਾਇਆ ਜਾ ਸਕਦਾ ਹੈ।
- ਖ਼ਰਚਾ ਘਟਾਉਣ ਲਈ ਕੈਬ ਜਾਂ ਟੈਕਸੀ ਸ਼ੇਅਰ ਕੀਤੀ ਜਾ ਸਕਦੀ ਹੈ।
- ਸ਼ਹਿਰ ਦੇ ਅੰਦਰਲੇ ਸਫ਼ਰ ਲਈ ਆਟੋ ਜਾਂ ਈ-ਰਿਕਸ਼ਾ ਦੀ ਵਰਤੋਂ ਕੀਤੀ ਜਾ ਸਕਦੀ ਹੈ।
- ਘਰ ਤੋਂ ਸਮੇਂ ਤੋਂ ਪਹਿਲਾਂ ਨਿਕਲੋ, ਕਿਉਂਕਿ ਘੱਟ ਬੱਸਾਂ ਚੱਲਣ ਕਾਰਨ ਉਡੀਕ ਅਤੇ ਭੀੜ ਵੱਧ ਹੋ ਸਕਦੀ ਹੈ।
- ਚੰਡੀਗੜ੍ਹ ਤੋਂ ਸਫ਼ਰ ਕਰਨ ਵਾਲੇ ਯਾਤਰੀ CTU ਦੀਆਂ ਲੋਕਲ ਬੱਸਾਂ, ਹਰਿਆਣਾ ਰੋਡਵੇਜ਼ ਅਤੇ PRTC ਦੇ ਕੰਟਰੋਲ ਰੂਮ ਤੋਂ ਬੱਸਾਂ ਦੀ ਉਪਲਬਧਤਾ ਦੀ ਜਾਣਕਾਰੀ ਲੈ ਕੇ ਹੀ ਯਾਤਰਾ ਸ਼ੁਰੂ ਕਰਨ।
ਹੈਲਪਲਾਈਨ ਨੰਬਰ
- CTU (ISBT-17): 0172-2700006
- CTU (ISBT-43): 0172-2624403
- ਹਰਿਆਣਾ ਰੋਡਵੇਜ਼: 0172-2704014
- PRTC: 0172-2624543
- ਪੰਜਾਬ ਰੋਡਵੇਜ਼: 0172-2704023

