ਪੰਜਾਬ ਦੇ ਕਈ ਮੁੱਦੇ ਉਭਾਰਕੇ ਨਿੱਜੀ ਤੋਹਮਤਬਾਜ਼ੀ ਤੋਂ ਬਾਅਦ ਖਤਮ ਹੋਇਆ ਬਜਟ ਸੈਸ਼ਨ

TeamGlobalPunjab
3 Min Read

ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ) : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਕਈ ਤਰ੍ਹਾਂ ਦੇ ਮੁੱਦੇ ਉਭਾਰ ਕੇ ਅੱਜ ਖ਼ਤਮ ਹੋ ਗਿਆ।ਸੈਸ਼ਨ ਦੌਰਾਨ ਜਿੱਥੇ ਸੱਤਾਧਾਰੀ ਪੱਖ ਵੱਲੋਂ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਸਫ਼ਰ ਦੀ ਸਹੂਲਤ ਦੇ ਕੇ’ ਮੁਲਾਜ਼ਮਾਂ ਲਈ 6 ਫੀਸਦੀ ਡੀਏ ਲਾਗੂ ਕਰਕੇ ਅਤੇ ਪੇ ਕਮਿਸ਼ਨ ਨੂੰ ਇੱਕ ਸਾਲ ਦੇ ਅੰਦਰ ਅੰਦਰ ਲਾਗੂ ਕਰਨ ਦਾ ਐਲਾਨ ਕਰਕੇ ਲੋਕ ਪੱਖੀ ਸਰਕਾਰ ਹੋਣ ਦਾ ਪ੍ਰਭਾਵ ਦਿੱਤਾ। ਦੂਜੇ ਪਾਸੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਮਹਿੰਗੀ ਬਿਜਲੀ ਅਤੇ ਬੇਰੁਜ਼ਗਾਰੀ ਨੂੰ ਅਹਿਮ ਮੁੱਦਾ ਬਣਾਇਆ।

ਅਕਾਲੀ ਦਲ ਅਤੇ ਬੀਜੇਪੀ ਦੇ ਵਿਧਾਇਕਾਂ ਨੇ ਇਹ ਗੱਲ ਉਭਾਰੀ ਕਿ ਐਸਸੀ ਵਰਗ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪਿਛਲੇ ਦੋ ਤਿੰਨ ਸਾਲਾਂ ਤੋਂ ਨਹੀਂ ਮਿਲ ਰਹੀ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਬੁਰਾ ਅਸਰ ਪੈ ਰਿਹਾ ਹੈ।

ਵਿੱਤ ਮੰਤਰੀ ਮੰਤਰੀ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਦੇਖਣ ਤੋਂ ਬਾਅਦ ਇਹ ਗੱਲ ਸਾਫ ਝਲਕਦੀ ਹੈ ਕਿ ਇਹ ਬਜਟ ਪੰਜਾਬ ਵਿਧਾਨ ਸਭਾ ਦੀਆਂ  2022 ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇ ਨਜ਼ਰ ਹੀ ਤਿਆਰ ਕੀਤਾ ਗਿਆ ਹੈ।

ਇਸ ਬਜਟ ਨੂੰ ਵਿਰੋਧੀ ਧਿਰਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਧੋਖਾ ਕਰਾਰ ਦਿੱਤਾ । ਇਨ੍ਹਾਂ ਧਿਰਾਂ ਦਾ ਕਹਿਣਾ ਹੈ ਕਿ ਜੋ ਵਾਅਦੇ ਪੰਜਾਬ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਤਿੰਨ ਸਾਲ ਪਹਿਲਾਂ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਗਏ ਜਿਸ ਕਾਰਨ ਸਰਕਾਰ ਹੁਣ ਫਰੇਬੀ ਚਾਲਾਂ ਚੱਲ ਰਹੀ ਹੈ ।

- Advertisement -

ਬਜਟ ਸੈਸ਼ਨ ਦੇ ਆਖ਼ਰੀ ਦਿਨ ਅਕਾਲੀ ਦਲ ਅਤੇ ਸੱਤਾਧਾਰੀਆਂ ਵਿੱਚਕਾਰ ਨਿੱਜੀ ਤੁਹਮਤਾਂ ਵੀ ਚੱਲੀਆਂ । ਗੱਲ ਗਾਲੀ ਗਲੋਚ ਤੱਕ ਉਸ ਵੇਲੇ ਪਹੁੰਚ ਗਈ ਜਦੋਂ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਵਿੱਤ ਮੰਤਰੀ ਦੀ ਕੁਰਸੀ ਕੋਲ ਜਾ ਕੇ ਕਹਿ ਰਹੇ ਸਨ ਕਿ ਐੱਸਸੀ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੀ ਰਾਸ਼ੀ ਰਿਲੀਜ਼ ਕੀਤੀ ਜਾਵੇ।ਬਾਅਦ ਵਿੱਚ ਟੀਨੂੰ ਨੇ ਦੋਸ਼ ਲਗਾਏ ਕਿ ਮਨਪ੍ਰੀਤ ਸਿੰਘ ਬਾਦਲ ਨੇ ਉਸ ਨੂੰ ਗਾਲ੍ਹ ਕੱਢੀ ਹੈ ਜਿਸ ਕਾਰਨ ਇਸ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਵਿੱਚ ਚਰਚਾ ਹੋਣ ਤੋਂ ਬਾਅਦ ਇਹ ਮਾਮਲਾ ਵਿਸ਼ੇਸ਼ ਅਧਿਕਾਰ ਹਨਨ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਸੈਸ਼ਨ ਦੇ ਆਖ਼ਰੀ ਵੇਲੇ ਬਹਿਬਲ ਕਲਾਂ ਗੋਲੀਕਾਂਡ ਬਾਰੇ ਚਰਚਾ ਵੀ ਹੋਈ ਅਤੇ ਇਸੇ ਦੌਰਾਨ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨਾਲ ਤੋਹਮਤਬਾਜ਼ੀ ਵੀ ਹੋਈ।ਗੱਲ ਨਿੱਜੀ ਮਾਮਲਿਆਂ ਤੱਕ ਪਹੁੰਚ ਗਈ ।

ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਪੰਜਾਬ ਦੇ ਤਮਾਮ ਮੁੱਦਿਆਂ ‘ਤੇ ਗੰਭੀਰ ਚਰਚਾ ਵੀ ਹੋਈ ਪਰ ਇੱਕ ਮਾੜਾ ਪੱਖ ਇਹ ਵੀ ਰਿਹਾ ਕਿ ਮੰਤਰੀਆਂ ਅਤੇ ਵਿਧਾਇਕਾਂ ਦੀ ਨਿੱਜੀ ਲੜਾਈ ਵੀ ਬਜਟ ਸੈਸ਼ਨ ਦੌਰਾਨ ਹੁੰਦੀ ਰਹੀ । ਇਸ ਵਾਰ ਵਿਰੋਧੀ ਧਿਰ੍ਹਾਂ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਲੋਕ ਇਨਸਾਫ਼ ਪਾਰਟੀ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰਕੇ ਕਈ ਤਰ੍ਹਾਂ ਦੇ ਮੁੱਦੇ ਉਭਾਰੇ ਗਏ ਅਤੇ ਉਹ ਮੀਡੀਆ ਵਿੱਚ ਕਵਰੇਜ ਲੈਣ ਲਈ ਕਾਮਯਾਬ ਵੀ ਹੋ ਗਏ ।

Share this Article
Leave a comment