ਪੰਜਾਬ ਬੋਰਡ ਨੇ 8ਵੀਂ ਦਾ ਨਤੀਜਾ ਕੀਤਾ ਜਾਰੀ

Global Team
3 Min Read

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫ਼ਰਵਰੀ ਮਹੀਨੇ ਵਿਚ ਕਰਵਾਈ ਗਈ ਅੱਠਵੀਂ ਕਲਾਸ ਦੀ ਸਾਲਾਨਾ ਪ੍ਰੀਖਿਆ 2025 ਦਾ ਨਤੀਜਾ ਅੱਜ ਬੋਰਡ ਦੀ ਵੈੱਬਸਾਈਟ ਉੱਤੇ ਜਾਰੀ ਕਰ ਦਿੱਤਾ ਗਿਆ ਹੈ। ਅੱਠਵੀਂ ਸ਼੍ਰੇਣੀ ਦੇ ਪ੍ਰੀਖਿਆਰਥੀ ਸਿੱਖਿਆ ਬੋਰਡ ਦੀ ਵੈੱਬਸਾਈਟ ਉਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਯੋਗ ਡਾ: ਅਮਰਪਾਲ ਸਿੰਘ, ਚੇਅਰਮੈਨ, ਦੀ ਯੋਗ ਅਗਵਾਈ ਹੇਠ ਮਿਤੀ 04.04.2025 ਨੂੰ ਅਕਾਦਮਿਕ ਸਾਲ 2024-2025 ਅੱਠਵੀਂ ਸ਼੍ਰੇਣੀ ਦਾ ਨਤੀਜਾ ਘੋਸ਼ਿਤ ਕੀਤਾ ਗਿਆ  ਹੈ।

ਇਸ ਸਾਲ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਕੁੱਲ 10471 ਸਕੂਲਾਂ ਦੇ 290471 (ਦੋ ਲੱਖ ਨੱਬੇ ਹਜਾਰ ਚਾਰ ਸੌ ਇੱਕਤਰ) ਪ੍ਰੀਖਿਆਰਥੀ ਪ੍ਰੀਖਿਆ ਵਿੱਚ ਅਪੀਅਰ ਹੋਏ, ਜਿਨ੍ਹਾਂ ਵਿੱਚੋਂ 282627 (ਦੋ ਲੱਖ ਬਿਆਸੀ ਹਜਾਰ ਛੇ ਸੌ ਸਤਾਈ) ਪਾਸ ਹੋਏ ਅਤੇ ਇਸ ਨਤੀਜੇ ਦੀ ਪਾਸ ਪ੍ਰਤੀਸ਼ਤਤਾ 97.30 ਰਹੀ ਹੈ।ਨਤੀਜੇ ਅਨੁਸਾਰ ਪੁਨੀਤ ਵਰਮਾ ਪੁੱਤਰ ਅਸ਼ੋਕ ਵਰਮਾ/ ਨੀਤੂ ਵਰਮਾ, (ਰੋਲ ਨੰ. 8025370012) ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ,ਏ-225, ਚੀਫ ਖਾਲਸਾ ਦੀਵਾਨ, ਮਾਡਲ ਟਾਊਨ ਹੁਸ਼ਿਆਰਪੁਰ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਪਹਿਲਾ, ਨਵਜੋਤ ਕੌਰ ਪੁੱਤਰੀ ਕਰਨਜੀਤ ਸਿੰਘ/ਵੀਰਪਾਲ ਕੌਰ (ਰੋਲ ਨੰ. 8025227565) ਸੰਤ ਮੋਹਨ ਦਾਸ ਮੈਮੋਰੀਅਲ ਸੀਨੀ.ਸੈਕੰ. ਸਕੂਲ ਕੋਟ ਸੁਖੀਆ, ਫਰੀਦਕੋਟ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਦੂਜਾ ਅਤੇ ਨਵਜੋਤ ਕੌਰ ਪੁੱਤਰੀ ਗੁਰਮੇਜ ਸਿੰਘ/ਕੁਲਜੀਤ ਕੌਰ (ਰੋਲ ਨੰ. 8025111174) ਗੁਰੂ ਨਾਨਕ ਪਬਲਿਕ ਸੀਨੀ.ਸੈਕੰ. ਸਕੂਲ, ਚੰਨਣ ਕੇ (ਅੱਡਾ ਨਾਥ ਦੀ ਖੁਈ), ਅੰਮ੍ਰਿਤਸਰ ਨੇ 99.83 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ ਬਰਾਬਰ ਅੰਕ ਪ੍ਰਾਪਤ ਕਰਨ ਤੇ ਛੋਟੀ ਉਮਰ ਵਾਲੇ ਪ੍ਰੀਖਿਆਰਥੀ ਨੂੰ ਮੈਰਿਟ ਵਿੱਚ ਉੱਚ ਸਥਾਨ ਪ੍ਰਦਾਨ ਕੀਤਾ ਗਿਆ ਹੈ।

ਚੇਅਰਮੈਨ ਡਾ: ਅਮਰਪਾਲ ਸਿੰਘ ਨੇ ਨਤੀਜੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਵਾਰ ਬੋਰਡ ਪ੍ਰੀਖਿਆਵਾਂ ਨੂੰ ਪਹਿਲਾਂ ਨਾਲੋਂ ਵਧੇਰੇ ਸਖ਼ਤੀ ਅਤੇ ਪਾਰਦਰਸ਼ਤਾ ਨਾਲ ਅਯੋਜਿਤ ਕਰਵਾਇਆ ਗਿਆ ਹੈ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰਸ਼ਨ ਪੱਤਰਾਂ ਦੀ ਗੁਣਵੱਤਾ ਵਧਾਉਣ ਦੇ ਨਾਲ ਨਾਲ ਪਾਠਕ੍ਰਮ ਵਿੱਚ ਲੋੜੀਂਦੇ ਸੁਧਾਰ ਕਰਦੇ ਹੋਏ ਕਈ ਹੋਰ ਵੀ ਉਪਰਾਲੇ ਕੀਤੇ ਜਾਣਗੇ।

ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ ਅਤੇ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ਤੇ ਅਪਲੋਡ ਕਰ ਦਿੱਤਾ ਗਿਆ ਹੈ। ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ਵਿੱਚ ਪਾਸ ਨਹੀਂ ਹੋ ਸਕੇ, ਉਹਨਾਂ ਦੀ ਸਪਲੀਮੈਂਟਰੀ ਪ੍ਰੀਖਿਆ ਜੂਨ 2025 ਵਿੱਚ ਕੰਡਕਟ ਕਰਵਾਈ ਜਾਵੇਗੀ, ਜਿਸਦੇ ਲਈ ਸਬੰਧਿਤ ਵਿਦਿਆਰਥੀ ਵੱਖਰੇ ਤੌਰ ਤੇ ਫਾਰਮ ਭਰਨਗੇ। ਇਸ ਸਬੰਧੀ ਸ਼ਡਿਊਲ ਵੱਖਰੇ ਤੌਰ ਤੇ School login ਅਤੇ ਵੱਖ-ਵੱਖ ਅਖਬਾਰਾਂ ਰਾਹੀਂ ਸੂਚਿਤ ਕੀਤਾ ਜਾਵੇਗਾ।

 

Share This Article
Leave a Comment