‘ਕੈਪਟਨ ਪੁਲਿਸ ਅਧਿਕਾਰੀਆ ਰਾਹੀਂ ਕਿਸਾਨ ਅੰਦੋਲਨ ਨੂੰ ਕੁਚਲਣ ਦੀ ਕਰ ਰਹੇ ਨੇ ਕੋਸ਼ਿਸ਼’

TeamGlobalPunjab
4 Min Read

ਚੰਡੀਗੜ੍ਹ: ਖੇਤੀ ਬਾਰੇ ਨਵੇਂ ਕੇਂਦਰੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨੂੰ ਸ਼ੁਰੂ ਤੋਂ ਹੀ ਕਮਜ਼ੋਰ ਕਰਨ ਦੇ ਇਰਾਦੇ ਨਾਲ ਕੰਮ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਹੁਣ ਇਸ ਅੰਦੋਲਨ ਨੂੰ ਕੁਚਲਣ ਲਈ ਕਿਸਾਨਾਂ ਉੱਤੇ ਵੱਖ ਵੱਖ ਤਰ੍ਹਾਂ ਦੇ ਦਬਾਅ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਵਿੱਚ ਆਈਆਂ ਖਬਰਾਂ ਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨਾਲ ਸਬੰਧਤ 2 ਆਈ ਪੀ ਐਸ ਦੀ ਡਿਊਟੀ ਲਗਾਈ ਹੈ ਕਿ ਉਹ ਕਿਸਾਨ ਆਗੂਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਅਮਿਤ ਸ਼ਾਹ ਅਤੇ ਮੋਦੀ ਅੱਗੇ ਝੁਕਣ ਲਈ ਤਿਆਰ ਕਰਨ।

ਪਾਰਟੀ ਹੈੱਡ ਕੁਆਰਟਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਹ ਗੱਲ ਜੱਗ ਜ਼ਾਹਿਰ ਹੋ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਨੂੰ ਈਡੀ ਦੇ ਕੇਸਾਂ ਤੋਂ ਬਚਾਉਣ ਲਈ ਕਿਸਾਨਾਂ ਦੇ ਹਿੱਤਾਂ ਦਾ ਸੌਦਾ ਕਰ ਚੁੱਕੇ ਹਨ ਇਸੇ ਨੀਤੀ ਦੇ ਤਹਿਤ ਹੀ ਉਹ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੇ ਮਨਸੂਬੇ ਨਾਲ ਕਾਰਜ ਕਰ ਰਹੇ ਹਨ।

ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਪਿੱਛੋਂ ਹਰਕਤ ਵਿੱਚ ਆਉਂਦਿਆਂ ਅਮਿਤ ਸ਼ਾਹ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਇਰਾਦੇ ਨਾਲ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀਆਂ ਵੱਖ ਵੱਖ ਚਾਲਾਂ ਚੱਲੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੇ ਮਨਸੂਬੇ ਨਾਲ ਪਹਿਲਾਂ ਦਿੱਲੀ ਦੇ ਜੰਤਰ ਮੰਤਰ ਤੇ ਕਾਂਗਰਸ ਦੇ ਸੰਸਦ ਮੈਂਬਰਾਂ ਕੋਲੋਂ ਧਰਨਾ ਲਗਵਾ ਕੇ ਸੰਸਦ ਮੈਂਬਰ ਰਵਨੀਤ ਬਿੱਟੂ ਕੋਲੋਂ ਕਿਸਾਨ ਆਗੂਆਂ ਨੂੰ ਬੁਰਾ ਭਲਾ ਕਹਾਇਆ ਅਤੇ ਹੁਣ ਉਹ ਬਿਲਕੁਲ ਥੱਲੜੀ ਦਰਜੀ ਦੀ ਰਾਜਨੀਤੀ ਕਰਦੇ ਹੋਏ ਇਨ੍ਹਾਂ ਕਿਸਾਨ ਆਗੂਆਂ ਨੂੰ ਡਰਾਉਣ ਧਮਕਾਉਣ ਦਾ ਯਤਨ ਕਰ ਰਹੇ ਹਨ।

ਅਮਿਤ ਸ਼ਾਹ ਦੀ ਕਿਸਾਨਾਂ ਨਾਲ ਮੀਟਿੰਗ ਵਾਲੇ ਦਿਨ ਕਿਸਾਨ ਆਗੂ ਰੁਲਦੂ ਸਿੰਘ ਨੂੰ ਮੀਟਿੰਗ ਤੋਂ ਪਹਿਲਾਂ ਜਦੋਂ ਪ੍ਰਸ਼ਾਸਨ ਇੱਧਰਓਧਰ ਘੁੰਮਾਉਂਦਾ ਹੋਇਆ ਪ੍ਰੇਸ਼ਾਨ ਕਰਦਾ ਰਿਹਾ ਤਾਂ ਉਨ੍ਹਾਂ ਕਿਹਾ ਸੀ ਕਿ ਪੰਜਾਬ ਪੁਲਿਸ ਦੇ ਦੋ ਪੁਲਿਸ ਅਧਿਕਾਰੀ ਵੀ ਇਥੇ ਹਾਜ਼ਰ ਸਨ, ਜੋ ਗੱਲ ਹੁਣ ਸਾਬਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨਾਲ ਪੈਰ-ਪੈਰ ਉੱਤੇ ਗਦਾਰੀ ਕਰ ਰਹੇ ਹਨ, ਪਹਿਲਾਂ ਹਾਈ ਪਾਵਰ ਕਮੇਟੀ ਵਿੱਚ ਸਹਿਮਤੀ ਦਿੱਤੀ, ਫਿਰ ਕਾਲੇ ਕਾਨੂੰਨ ਪੰਜਾਬ ‘ਚ ਲਾਗੂ ਕਰਕੇ ਝੋਨੇ ਦੀ ਫਸਲ ਇਸੇ ਕਾਨੂੰਨ ਦੇ ਅਧੀਨ ਖਰੀਦੀ ਅਤੇ ਹੁਣ ਆਪਣੇ ਅਧਿਕਾਰੀਆਂ ਰਾਹੀਂ ਕਿਸਾਨਾਂ ਉੱਤੇ ਦਬਾਅ ਪਾਉਣ ਦੀਆਂ ਚਾਲਾਂ ਚਲ ਰਹੇ ਹਨ। ਉਨ੍ਹਾਂ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਕੈਪਟਨ ਬਾਦਲ ਵਾਂਗ ਪੁੱਤ ਮੋਹ ਵਿੱਚ ਕਿੰਨੇ ਡੁੱਬ ਗਏ ਹਨ ਕਿ ਕਾਂਗਰਸ ਦੇ ਕੇਂਦਰੀ ਆਗੂਆਂ ਦੀ ਵੀ ਗੱਲ ਨਹੀਂ ਸੁਣ ਰਹੇ ਅਤੇ ਆਪਣੇ ਆਕਾ ਅਮਿਤ ਸ਼ਾਹ ਨੂੰ ਖੁਸ਼ ਕਰਨ ਲਈ ਆਪਣੇ ਅਧਿਕਾਰੀਆਂ ਰਾਹੀਂ ਕਿਸਾਨਾਂ ਨੂੰ ਮੋਦੀ ਸਰਕਾਰ ਅੱਗੇ ਝੁਕਣ ਲਈ ਮਜ਼ਬੂਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਰਾਮੇਬਾਜ਼ ਕੈਪਟਨ ਬਿਆਨਬਾਜ਼ੀ ਕਰਕੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਬਣ ਰਹੇ ਹਨ ਜਦੋਂ ਕਿ ਅਸਲ ਵਿੱਚ ਉਹ ਆਪਣੇ ਪਰਿਵਾਰ ਨੂੰ ਬਚਾਉਣ ਲਈ ਪੂਰੇ ਸੂਬੇ ਨਾਲ ਧ੍ਰੋਹ ਕਮਾ ਰਹੇ ਹਨ।

- Advertisement -

ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦਾ ਧਿਆਨ ਰੱਖਣ ਕਿ ਲੋਕਾਂ ਨੇ ਆਪਣੇ ਹੱਕਾਂ ਦੀ ਰਾਖੀ ਕਰਨ ਵਾਸਤੇ ਉਹਨਾ ਨੂੰ ਮੁੱਖ ਮੰਤਰੀ ਚੁਣਿਆ ਸੀ, ਨਾ ਕਿ ਉਨ੍ਹਾਂ ਨਾਲ ਹੀ ਧੋਖੇਬਾਜ਼ੀ ਕਰਨ ਵਾਸਤੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਕੁਚਲਣ ਦੇ ਯਤਨਾਂ ਦਾ ਪਰਦਾਫਾਸ਼ ਹੋਣ ਜਾਣ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਹੱਕ ਨਹੀਂ ਕਿ ਉਹ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਗਈ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣ। ਉਨ੍ਹਾਂ ਕਿਹਾ ਕਿ ਸਾਰੇ ਮੁਹਾਰਾਂ ਤੇ ਫੇਲ੍ਹ ਹੋਣ ਵਾਲੇ ਕੈਪਟਨ ਅਮਰਿੰਦਰ ਸਿੰਘ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਬੇਚਿੰਤ ਆਪਣੇ ਫਾਰਮ ਹਾਊਸ ਵਿੱਚ ਬੈਠਣ ਅਤੇ ਆਪਣੇ ਕਾਲੇ ਕਾਰਨਾਮਿਆਂ ਲਈ ਪੰਜਾਬ ਚ ਲੋਕਾਂ ਤੋਂ ਮੁਆਫੀ ਮੰਗਣ।

Share this Article
Leave a comment