ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਹੋ ਰਹੇ ਵਿਰੋਧ ਵਿਚਾਲੇ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ‘ਚ ਬੀਜੇਪੀ ਤੇ ਤਿੰਨ ਸੀਨੀਅਰ ਲੀਡਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਫਤਿਹਗੜ੍ਹ ਸਾਹਿਬ ਤੋਂ ਬੀਜੇਪੀ ਦੇ ਲੀਡਰ ਅਤੇ ਸਾਬਕਾ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਬੀਜੇਪੀ ਹਾਈਕਮਾਨ ਨੂੰ ਆਪਣਾ ਅਸਤੀਫਾ ਲਿਖਤੀ ਰੂਪ ਵਿੱਚ ਹਾਲੇ ਭੇਜਣਾ ਹੈ, ਪਰ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਖੇਤੀ ਕਾਨੂੰਨ ਦੇ ਰੋਸ ਕਾਰਨ ਉਨ੍ਹਾਂ ਵੱਲੋਂ ਬੀਜੇਪੀ ਦੀ ਮੁੱਢਲੀ ਮੈਂਬਰਸ਼ਿਪ ਤਿਆਗ ਦਿੱਤੀ ਗਈ ਹੈ। ਹਰਿੰਦਰ ਸਿੰਘ ਖ਼ਾਲਸਾ ਨੇ ਸਾਲ 2014 ਵਿੱਚ ਆਮ ਆਦਮੀ ਪਾਰਟੀ ਤੋਂ ਐੱਮਪੀ ਦੀ ਟਿਕਟ ਲੜਕੇ ਚੋਣ ਜਿੱਤੀ ਸੀ। ਇਸ ਤੋਂ ਬਾਅਦ ਉਹ 2019 ਵਿੱਚ ਬੀਜੇਪੀ ਚ ਸ਼ਾਮਲ ਹੋ ਗਏ ਸਨ।
ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾਈ ਕਾਰਜਕਾਰਨੀ ਤੇ ਮੈਂਬਰ ਅਤੇ ਐਡਵੋਕੇਟ ਕਿਸ਼ਨ ਸਿੰਘ ਰਾਜਪੁਰਾ ਨੇ ਵੀ ਬੀਜੇਪੀ ਨੂੰ ਛੱਡ ਦਿੱਤਾ ਹੈ। ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸ਼ਨ ਸਿੰਘ ਰਾਜਪੁਰਾ ਨੇ ਕੇਂਦਰ ਸਰਕਾਰ ਤੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੇ ਸਾਰੇ ਅਹੁਦੇ ਤਿਆਗ ਦਿੱਤੇ ਹਨ।
ਇਨ੍ਹਾਂ ਲਈ ਫਗਵਾੜਾ ਤੋਂ ਬੀਜੇਪੀ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਖਲਿਆਣ ਨੇ ਵੀ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇੰਦਰਜੀਤ ਸਿੰਘ ਖਲਿਆਣ ਨੇ ਹੁਣ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਦਾ ਫ਼ੈਸਲਾ ਲਿਆ ਹੈ। ਇੰਦਰਜੀਤ ਸਿੰਘ ਮੁਤਾਬਕ ਉਹ ਪਿਛਲੇ ਤਿੰਨ ਮਹੀਨੇ ਤੋਂ ਕਾਫ਼ੀ ਭਾਰੀ ਮਨ ਨਾਲ ਸਮਾਂ ਕੱਢ ਰਹੇ ਸਨ ਪਰ ਅੱਜ ਉਹ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਦਾ ਵਚਨ ਲੈ ਰਹੇ ਹਨ।