ਚੰਡੀਗੜ੍ਹ : ਗੈਂਗਸਟਰ ਜੈਪਾਲ ਭੁੱਲਰ ਦੇ ਦੁਬਾਰਾ ਪੋਸਟਮਾਰਟਮ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ । ਇਹ ਪਟੀਸ਼ਨ ਭੁੱਲਰ ਦੇ ਪਿਤਾ ਵੱਲੋਂ ਦਾਇਰ ਕੀਤੀ ਗਈ ਸੀ।
ਦਰਅਸਲ ਜਗਰਾਓਂ ਦੀ ਦਾਣਾ ਮੰਡੀ ਵਿਖੇ 15 ਮਈ ਨੂੰ ਪੰਜਾਬ ਪੁਲਿਸ ਦੇ ਦੋ ਥਾਣੇਦਾਰਾਂ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਜੈਪਾਲ ਭੁੱਲਰ ਦਾ 9 ਜੂਨ ਨੂੰ ਕੋਲਕਾਤਾ ਵਿਖੇ ਐਨਕਾਊਂਟਰ ਕਰ ਦਿੱਤਾ ਗਿਆ ਸੀ। ਐਨਕਾਉਂਟਰ ਤੋਂ ਬਾਅਦ ਉਸ ਦੇ ਪਿਤਾ ਨੇ ਏਮਜ਼ ਜਾਂ ਪੀਜੀਆਈ ਸਮੇਤ ਕਿਸੇ ਹੋਰ ਨਿਰਪੱਖ ਹਸਪਤਾਲ ਤੋਂ ਦੁਬਾਰਾ ਪੋਸਟਮਾਰਟਮ ਕਰਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅੱਜ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ।
ਹਾਈ ਕੋਰਟ ਦੇ ਜਸਟਿਸ ਮੰਜਰੀ ਨਹਿਰੂ ਕੌਲ ਨੇ ਇਹ ਪਟੀਸ਼ਨ ਖਾਰਿਜ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਕਹਿਣਾ ਹੈ ਕਿ ਇਹ ਸਾਡੇ ਅਧਿਕਾਰ ਖੇਤਰ ਵਿਚ ਨਹੀਂ। ਜਿੱਥੇ ਐਨਕਾਉਂਟਰ ਹੋਇਆ ਉਸ ਸੂਬੇ ਦੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਜੈਪਾਲ ਭੁੱਲਰ ਦੇ ਪਿਤਾ ਇਹ ਸ਼ੱਕ ਜਤਾ ਰਹੇ ਹਨ ਕਿ ਜੈਪਾਲ ਭੁੱਲਰ ਦਾ ਐਨਕਾਊਂਟਰ ਕਰਨ ਤੋਂ ਪਹਿਲਾਂ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ । ਉਨ੍ਹਾਂ ਇਹ ਵੀ ਸ਼ੱਕ ਜਤਾਇਆ ਸੀ ਕਿ ਜੈਪਾਲ ਭੁੱਲਰ ਦੀਆਂ ਕੁਝ ਹੱਡੀਆਂ ਮਾਰ-ਕੁੱਟ ਕਰਦੇ ਹੋਏ ਤੋੜ ਦਿੱਤੀਆਂ ਗਈਆਂ, ਉਸ ਤੋਂ ਬਾਅਦ ਉਸਦਾ ਐਨਕਾਊਂਟਰ ਕੀਤਾ ਗਿਆ।