ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਬੰਦੀ ਸਿੱਖਾਂ ਲਈ ਵੱਡਾ ਹੁਕਮ?

TeamGlobalPunjab
6 Min Read

ਸਿੱਖ ਬੰਦੀਆਂ ਦੀ ਰਿਹਾਈ ਦਾ ਮਸਲਾ ਪਿਛਲੇ 3-4 ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿੱਛੇ ਜਿਹੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਭਾਈ  ਨੰਦ ਸਿੰਘ ਦੀ ਰਿਹਾਈ ਦੇ ਹੁਕਮ ਦਿੱਤੇ ਗਏ ਹਨ। ਜਿਸ ਨਾਲ ਪੂਰੇ ਸਿੱਖ ਸਮੁਦਾਏ ਖਾਸ ਕਰਕੇ ਉਨ੍ਹਾਂ ਪਰਿਵਾਰਾਂ ‘ਚ ਖੁਸ਼ੀ ਦੀ ਲਹਿਰ ਪੈਦਾ ਹੋਈ ਹੈ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਪਿੱਛਲੇ ਕਈ ਦਹਾਕਿਆਂ ਤੋਂ ਭਾਰਤ ਦੀਆਂ ਜੇਲ੍ਹਾਂ ਅੰਦਰ ਬੰਦ ਹਨ।

ਦੱਸ ਦਈਏ ਕਿ ਇਨ੍ਹਾਂ ‘ਚੋਂ ਕੁਝ ਨੂੰ ਤਾਂ ਸ਼ੱਕ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਜੇਲ੍ਹਾਂ ਅੰਦਰ ਬੰਦ ਸਿੱਖ ਬੰਦੀਆਂ ਦੇ ਕੇਸਾਂ ਦੀ ਪੈਰਵੀ ਕਰਨ ਲਈ ਵਕੀਲਾਂ ਦੀ ਇੱਕ ਟੀਮ ਗਠਿਤ ਕੀਤੀ ਗਈ ਹੈ ਜੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਨ੍ਹਾਂ ਸਿੱਖਾਂ ਬੰਦੀਆਂ ਦੇ ਕੇਸ਼ਾਂ ਦੀ ਪੈਰਵੀ ਕਰ ਰਹੀ ਹੈ।

ਟੀਮ ਦੀ ਮੈਂਬਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਸਾਡੀ ਟੀਮ ਵੱਲੋਂ 2015-16 ‘ਚ ਭਾਈ ਨੰਦ ਸਿੰਘ ਦੀ ਰਿਹਾਈ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਅਪੀਲ ਕੀਤੀ ਗਈ ਸੀ। ਪੁਲਿਸ ਵੱਲੋਂ ਕਈ ਵਾਰ ਭਾਈ ਨੰਦ ਸਿੰਘ ਦੇ ਵਿਰੁੱਧ ਪੁਲਿਸ ਰਿਪੋਰਟ ਭੇਜੀ ਗਈ। ਸਰਕਾਰ ਵੱਲੋਂ ਭਾਈ ਨੰਦ ਸਿੰਘ ਦੀ ਰਿਹਾਈ ਲਈ ਨਰਮ ਰਵੱਈਆ ਅਪਣਾਇਆ ਗਿਆ। ਜਿਸ ਤੋਂ ਬਾਅਦ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਭਾਈ ਨੰਦ ਸਿੰਘ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਇਸ ਲਈ ਅਸੀਂ ਸਰਕਾਰ ਦੇ ਵੀ ਧੰਨਵਾਦੀ ਹਾਂ।

ਦੱਸਣਯੋਗ ਹੈ ਕਿ ਭਾਈ ਨੰਦ ਸਿੰਘ ਰਾਜਪੁਰਾ(ਪੰਜਾਬ) ਦੇ ਰਹਿਣ ਵਾਲੇ ਹਨ, ਜੋ 1995 ਤੋਂ ਜੇਲ੍ਹ ਅੰਦਰ ਬੰਦ ਹਨ। ਉਨ੍ਹਾਂ ‘ਤੇ ਧਾਰਾ 302 ਦਾ ਮੁਕੱਦਮਾ ਦਰਜ ਹੈ। ਭਾਈ ਨੰਦ ਸਿੰਘ ਪਹਿਲਾਂ ਬੁੜੈਲ(ਮੋਹਾਲੀ) ਜੇਲ੍ਹ ਅੰਦਰ ਬੰਦ ਰਹੇ ਤੇ ਹੁਣ ਪਟਿਆਲਾ ਜੇਲ੍ਹ ‘ਚ ਬੰਦ ਹਨ। ਜਦੋਂ ਜਗਤਾਰ ਸਿੰਘ ਹਵਾਰਾ ਵੱਲੋਂ ਬੁੜੈਲ ਜੇਲ੍ਹ ਬਰੇਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਭਾਈ ਨੰਦ ਸਿੰਘ ਦਾ ਨਾਮ ਵੀ ਇਸ ਕੇਸ ਵਿੱਚ ਰੱਖਿਆ ਗਿਆ। ਜਾਣਕਾਰੀ ਮੁਤਾਬਿਕ ਸੁਬੇਗ ਸਿੰਘ ਜੋ ਜੇਲ੍ਹ ਅੰਦਰ ਬੰਦ ਹੈ, ਉਨ੍ਹਾਂ ਦਾ ਕੇਸ਼ ਵੀ ਭਾਈ ਨੰਦ ਸਿੰਘ ਦੇ ਕੇਸ ਨਾਲ ਮਿਲਦਾ ਜੁਲਦਾ ਹੀ ਹੈ। ਸੁਬੇਗ ਸਿੰਘ ਦੀ ਰਿਹਾਈ ਲਈ ਮਾਨਯੋਗ ਕੋਰਟ ‘ਚ ਅਪੀਲ ਵੀ ਲਗਾਈ ਗਈ ਹੈ। ਸਰਕਾਰ ਵੱਲੋਂ ਇਨ੍ਹਾਂ ਦੀ ਰਿਹਾਈ ਲਈ ਅਲੱਗ ਤੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰ ਸਰਕਾਰ ਨੇ ਜਿਸ ਤਰ੍ਹਾਂ ਨੰਦ ਸਿੰਘ ਦੀ ਰਿਹਾਈ ਲਈ ਨਰਮ ਰਵੱਈਆਂ ਰੱਖਿਆ ਹੈ ਤੇ ਬਿਲਕੁਲ ਉਸ ਤਰ੍ਹਾਂ ਸੁਬੇਗ ਸਿੰਘ ਪ੍ਰਤੀ ਵੀ ਅਪਣਾਉਂਦੀ ਹੈ ਤਾਂ ਉਹ ਵੀ ਜਲਦ ਹੀ ਰਿਹਾਅ ਹੋ ਸਕਦੇ ਹਨ। ਸਰਕਾਰ ਦੀ ਇਸ ਕੋਸ਼ਿਸ਼ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।

- Advertisement -

ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਦੁਆਰਾ ਭਾਈ ਨੰਦ ਸਿੰਘ ਨੂੰ 15000 ਰੁਪਏ ਦਾ ਸਕਿਊਰਟੀ ਬਾਂਡ ਭਰਨਾ ਹੋਵੇਗਾ। ਜਿਸ ਤੋਂ ਬਾਅਦ ਉਹ ਜੇਲ੍ਹ ਤੋਂ ਰਿਹਾਅ ਹੋ ਜਾਣਗੇ। ਇਸ ਤੋਂ ਬਿਨ੍ਹਾ ਹੋਰ ਵੀ ਕਈ ਸਿੱਖ ਬੰਦੀ ਹਨ ਜੋ ਕਾਫੀ ਲੰਮੇ ਸਮੇਂ ਤੋਂ ਜੇਲ੍ਹ ਅੰਦਰ ਬੰਦ ਹਨ। ਇਨ੍ਹਾਂ ‘ਚੋਂ ਕਈਆਂ ਨੂੰ ਤਾਂ ਪਹਿਲਾਂ ਪੈਰੋਲ ਮਿਲ ਚੁੱਕੀ ਹੈ ਤੇ ਕਈਆਂ ਨੂੰ ਅਜੇ ਤੱਕ ਪੈਰੋਲ ਨਹੀਂ ਮਿਲ ਸਕੀ। ਇਨ੍ਹਾਂ ‘ਚ ਭਾਈ ਲਾਲ ਸਿੰਘ( ਨਾਭਾ ਜੇਲ੍ਹ), ਭਾਈ ਗੁਰਦੀਪ ਸਿੰਘ ਖਹਿੜਾ(ਅਮ੍ਰਿਤਸਰ ਜੇਲ੍ਹ), ਭਾਈ ਦਵਿੰਦਰ ਪਾਲ ਸਿੰਘ(ਅਮ੍ਰਿਤਸਰ ਜੇਲ੍ਹ) ਅੰਦਰ ਬੰਦ ਹਨ। ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦਿਮਾਗੀ ਤੌਰ ‘ਤੇ ਠੀਕ ਨਹੀਂ ਹਨ ਜੋ ਅਮ੍ਰਿਤਸਰ ਜੇਲ੍ਹ ਅੰਦਰ ਬਣੇ ਹਸਪਤਾਲ ਵਿੱਚ ਦਾਖਿਲ ਹਨ। ਬੇਅੰਤ ਸਿੰਘ ਕਤਲਕਾਂਡ ‘ਚ ਦੋਸ਼ੀ ਭਾਈ ਗੁਰਮੀਤ ਸਿੰਘ ਪਿਛਲੇ 5 ਸਾਲਾਂ ਤੋਂ ਪੈਰੋਲ ‘ਤੇ ਬਾਹਰ ਆ ਰਹੇ ਹਨ। ਭਾਈ ਲਖਵਿੰਦਰ ਸਿੰਘ, ਭਾਈ ਭਿਓਰਾ, ਹਰਨੇਕ ਸਿੰਘ ਭਾਪਨੇ, ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਤਾਰਾ, ਭਾਈ ਦਿਆ ਸਿੰਘ ਲਹੌਰੀਆ, ਬਲਵੀਰ ਸਿੰਘ ਭੂਤਨਾ, ਭਾਈ ਸੁਰਿੰਦਰ ਸਿੰਘ ਚੰਦਾ ਵੀ ਜੇਲ੍ਹ ‘ਚ ਬੰਦ ਹਨ। ਸਤਨਾਮ ਸਿੰਘ ਤੇ ਉਸ ਦੇ ਤਿੰਨ ਸਾਥੀਆਂ ਨੂੰ ਵੀ ਮੁਰਾਦਾਬਾਦ ਦੀ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਫੜਿਆ ਸੀ। ਬਾਅਦ ‘ਚ ਇਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਹੋ ਗਈ। ਇਨ੍ਹਾਂ ਚਾਰਾਂ ਦੀ ਉਮਰ 70 ਸਾਲ ਤੋਂ ਵੀ ਜ਼ਿਆਦਾ ਹੈ। ਘੱਟ ਤੋਂ ਘੱਟ 20-21 ਸਿੱਖ ਬੰਦੀ ਹਨ ਜੋ ਆਪਣੀ ਜ਼ਿੰਦਗੀ ਤੋਂ ਵੱਧ ਸਜ਼ਾ ਜੇਲ੍ਹਾਂ ਅੰਦਰ ਕੱਟ ਚੁੱਕੇ ਹਨ। ਇਹ ਸਾਰੇ ਸਿੱਖ ਬੰਦੀ ਲਗਭਗ 25 ਤੋਂ 28 ਸਾਲ ਤੋਂ ਜੇਲ੍ਹ ਅੰਦਰ ਬੰਦ ਹਨ।

ਉਨ੍ਹਾਂ ਦੱਸਿਆ ਕਿ ਪਿੱਛੇ ਜਿਹੇ ਸੀਬੀਆਈ ਕੋਰਟ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਜੇਲ੍ਹ ਭੇਜਿਆ ਗਿਆ ਸੀ। ਸਰਕਾਰ ਨੇ ਉਨ੍ਹਾਂ ਦੀ ਰਿਹਾਈ ਲਈ ਨਰਮ ਰਵੱਈਆ ਅਪਣਾਇਆ ਤੇ ਉਨ੍ਹਾਂ ਦੀ ਇੱਕ ਸੂਚੀ ਬਣਾਈ। ਜਦੋਂ ਕਿ ਉਹ ਸਿਰਫ 3 ਸਾਲ ਤੋਂ ਹੀ ਜੇਲ੍ਹ ਅੰਦਰ ਬੰਦ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਕਿ ਇਨ੍ਹਾਂ ਬੰਦੀ ਸਿੱਖਾਂ ਲਈ ਵੀ ਸਰਕਾਰ ਉਸ ਤਰ੍ਹਾਂ ਦਾ ਹੀ ਨਰਮ ਰਵੱਈਆ ਰੱਖੇ ਜਿਸ ਤਰ੍ਹਾਂ ਦਾ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਦੀ ਰਿਹਾਈ ਲਈ ਅਪਣਾਇਆ ਹੈ।

ਜਰਨਲ ਕੁਲਦੀਪ ਸਿੰਘ ਬਰਾੜ ਵੱਲੋਂ ਲਿਖੀ ਗਈ ਬੁੱਕ “ਆਪ੍ਰੇਸ਼ਨ ਬਲੁ ਸਟਾਰ” ਨੂੰ ਪੜ੍ਹਨ ਦੇ ਦੋਸ਼ ਹੇਠ 20 ਨੌਜਵਾਨਾਂ ਨੂੰ ਉਮਰਕੈਦ ਦੀ ਸਜ਼ਾ ਕੀਤੀ ਗਈ ਹੈ। ਇਨ੍ਹਾਂ ਨੌਜਵਾਨਾਂ ਦੀ ਰਿਹਾਈ ਲਈ ਅਸੀਂ ਮਾਨਯੋਗ ਹਾਈਕੋਰਟ ਵਿੱਚ ਅਪੀਲ ਲਗਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਪ੍ਰਕਿਰਿਆ ਰਾਹੀਂ ਸਰਕਾਰ ਪੁਲਿਸ ਅਧਿਕਾਰੀਆਂ ਨੂੰ ਰਿਹਾਅ ਕਰ ਰਹੀ ਹੈ। ਉਸ ਤਰ੍ਹਾਂ ਹੀ ਇਨ੍ਹਾਂ ਸਿੱਖ ਬੰਦੀਆਂ ਦੀ ਰਿਹਾਈ ਲਈ ਆਪਣੇ ਪੱਧਰ ‘ਤੇ ਕੋਸ਼ਿਸ਼ ਕਰੇ। ਜੋ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਸਜ਼ਾ ਤਾਂ ਜੇਲ੍ਹਾਂ ਅੰਦਰ ਕੱਟ ਚੁੱਕੇ ਹਨ। ਇਸ ਲਈ ਜਿਸ ਤਰ੍ਹਾਂ ਸਰਕਾਰ ਨੇ ਪੁਲਿਸ ਅਧਿਕਾਰੀਆਂ ਨੂੰ ਛੱਡਿਆ ਹੈ ਉਸ ਤਰ੍ਹਾਂ ਹੀ ਇਨ੍ਹਾਂ ਸਿੱਖ ਬੰਦੀਆਂ ਨੂੰ ਵੀ ਛੱਡਣਾ ਚਾਹੀਦਾ ਹੈ।

Share this Article
Leave a comment