ਚੰਡੀਗੜ੍ਹ- (ਬਿੰਦੂ ਸਿੰਘ ) : ਕੋਵਿਡ19 ਦੀ ਚਪੇਟ ‘ਚ ਆਏ ਦੁਨਿਆਭਰ ਦੇ ਦੇਸ਼ ਤੇ ਸਰਕਾਰਾਂ ਇਸ ਮਹਾਂਮਾਰੀ ਕਾਰਨ ਆਏ ਬਦਲਾਓ ਦੇ ਨਾਲ ਹਾਲਾਤਾਂ ਨਾਲ ਲੜਣ ਅਤੇ ਨਵੇਂ ਵਰਤਮਾਨ ਨਾਲ ਤਾਲਮੇਲ ਬਿਠਾਉਣ ਦੀ ਜੱਦੋ ਜਹਿਦ ‘ਚ ਹਨ ! ਨਿਆਂਪਾਲਿਕਾ ਵੀ ਇਸ ਸਾਹਮਣੇ ਆ ਖੜੇ ਹੋਏ ਚੁਣੌਤੀ ਭਰੇ ਮਾਹੌਲ ਵਿੱਚੋਂ ਕਚਹਿਰੀ ਦੇ ਕੰਮਕਾਜ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਤਕਨੀਕ ਦਾ ਸਹਾਰਾ ਲੈਣ ਦੇ ਵੱਖ ਵੱਖ ਉਪਰਾਲੇ ਕਰ ਰਹੀ ਹੈ।
ਇਸ ਨੂੰ ਸਾਹਮਣੇ ਰੱਖ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਕਾਉਂਸਲ ਨੇ ਇਕ ਸੈਸ਼ਨ ਰਖਿਆ ਜਿਸ ਵਿਚ ਇੰਟਰਨੈੱਟ ਰਾਹੀਂ ਆਪਸ ਚ ਜੁੜ ਕੇ ਕੋਰਟ ਦੇ ਕੰਮਕਾਜ ਨੂੰ ਚਲਾਉਣ ਦਾ ਅਭਿਆਸ ਕੀਤਾ ਗਿਆ । ਇਸ ਵੈਬਨਿਅਰ ਸੈਸ਼ਨ ਦੀ ਰੂਪ-ਰੇਖਾ ਬਾਰ ਕੌਂਸਲ ਆਫ ਇੰਡੀਆ ਦੇ ਸਭ ਤੋਂ ਛੋਟੀ ਉਮਰ ਦੇ ਵਕੀਲ ਸੂਵੀਰ ਸਿੰਧੂ ਨੇ ਤਿਆਰ ਕੀਤੀ ਸੀ। ਇਸ ‘ਚ ਐਡਵੋਕੇਟ ਸੰਨੀਦੀਪ ਜੋਨੇਜਾ, ਸਵੀ ਨਾਗਪਾਲ, ਅਦਿੱਤਿਆ ਦਸੌਰ ਅਤੇ ਸਾਰਥਕ ਮਹਿਤਾ ਨੇ ਵੀ ਭਾਗ ਲਿਆ ।
ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਬਾਰ ਕਾਉਂਸਲ ਆਫ ਇੰਡੀਆ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਪ੍ਰਯੋਗ ਨੂੰ ਮੌਜੂਦਾ ਵਕਤ ਦੀ ਮੰਗ ਦਸਿਆ। ਉਹਨਾਂ ‘ਡਿਜੀਟਲ ਯੁੱਗ ‘ਚ ਕਾਨੂੰਨ ਅਤੇ ਭਾਰਤ ਦੀ ਕਾਨੂੰਨ ਪਰਣਾਲੀ ਤੇ ਅਦਾਲਤੀ ਕੰਮਕਾਜ ‘ਚ ਕੋਵਿਡ19 ਦੌਰਾਨ ਆਈ ਤਬਦੀਲੀ – ਬੈਂਚ, ਬਾਰ ਅਤੇ ਸਰਕਾਰੀ ਪੱਖ ‘ ਵਿਸ਼ੇ ਤੇ ਆਪਣੇ ਵਿਚਾਰ ਰਖਦਿਆਂ ਕਿਹਾ ਕਿ ਹਲਾਤਾਂ ਚ ਆਏ ਬਦਲਾਓ ਦੇ ਚਲਦਿਆਂ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਰਕਾਰੀ ਕੰਮਾਂਕਾਰਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਖੜੋਤ ਨਾ ਆਵੇ।
ਉਹਨਾਂ ਨੇ ਕਿਹਾ ਸਰਕਾਰੀ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਚਾਹੇ ਵਿਧਾਨਕ ਤੇ ਜਾਂ ਫਿਰ ਤੌਰ ਤਰੀਕਿਆਂ ਚ ਤਬਦੀਲੀ ਲਾਜ਼ਮੀ ਹੋ ਗਈ ਹੈ। ਉਹਨਾਂ ਕਿਹਾ ਕਿ ਪਿਛਲੇ 20 ਮਹੀਨਿਆਂ ਤੋਂ ਦੁਨਿਆ ਦਾ ਵਿਕਾਸ ਦਾ ਮੁੱਦਾ ਹੁਣ ਇਸ ਮਹਾਂਮਾਰੀ ਦੇ ਕਾਰਨ ਪਬਲਿਕ ਪਾਲਿਸੀ ਵੱਲ ਨੂੰ ਤੁਰਦਾ ਨਜ਼ਰ ਆ ਰਿਹਾ ਹੈ।
ਕੇਰਲ ਹਾਈਕੋਰਟ ਦੇ ਜਸਟਿਸ ਨਾਂਬੀਆਰ ਨੇ ਚੇਤਾਵਨੀ ਦਿੰਦਿਆਂ ਕਿਹਾ ਬੇਸ਼ਕ ਸਿਸਟਮ ਚ ਕਈ ਤਬਦੀਲੀਆਂ ਦੀਆਂ ਸੰਭਾਵਨਾਵਾਂ ਹਨ ਪਰ ਫਿਰ ਵੀ ਅਦਾਲਤੀ ਕੰਮਕਾਜ ਦੀ ਡਿਜੀਟਲ ਤਕਨੀਕ ਰਾਹੀਂ ਕੀਤੇ ਜਾਣ ਵਿੱਚ ਕਈ ਰਵਾਇਤੀ, ਨੈਤਿਕ ਤੇ ਅਮਲੀ ਮੁਦਿਆਂ ਦਾ ਧਿਆਨ ਰੱਖਣਾ ਵੀ ਜਰੂਰੀ ਹੋਵੇਗਾ ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਮੌਂਗਾ ਨੇ ਇਸ ਤਕਨੀਕੀ ਪ੍ਰਣਾਲੀ ਨਾਲ ਅਦਾਲਤੀ ਕੰਮ ਨੂੰ ਜੋੜਨ ਵਾਲੇ ਕਦਮ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਲਾਈਵ ਸਟਰੀਮਿੰਗ ਤੇ ਵੀਡੀਓ ਕਾਨਫਰੰਸ ਜ਼ਰੀਏ ਕੇਸਾਂ ਦੀ ਸੁਣਵਾਈ ਹੋਣ ਨਾਲ ਮੁੱਦਈ ਅਤੇ ਹੋਰ ਕਈਆਂ ਦਾ ਵਕਤ ਅਦਾਲਤ ਚ ਆਉਣ ਜਾਣ ਤੋਂ ਬਚੇਗਾ। ਉਹਨਾਂ ਸਾਲ 1991 ਚ ਅਰਥਚਾਰੇ ਚ ਦਿੱਤੀ ਖੁੱਲ ਦੀ ਉਦਾਹਰਨ ਦਿੰਦਿਆਂ ਕਿਹਾ ਉਸ ਵੇਲੇ ਵੀ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਆਏ ਸਨ ਪਰ ਹਲਾਤਾਂ ਮੁਤਾਬਕ ਬਦਲਾਓ ਜਰੂਰਤ ਬਣ ਜਾਂਦੀ ਹੈ।
ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਕਾਉਂਸਲ ਦੇ ਚੇਅਰਮੈਨ ਕਰਨਜੀਤ ਸਿੰਘ ਨੇ ਫੈਸ਼ਨ ਚ ਭਾਗ ਲੈਣ ਵਾਲੇ ਸਾਰੇ ਪੈਨਲਿਸਟਾਂ ਨਾਲ ਵਿਚਾਰ ਸਾਂਝੇ ਕਰਨ ਤੇ ਆਪਣਾ ਪੱਖ ਪੇਸ਼ ਕਰਨ ਲਈ ਜੀ ਆਇਆਂ ਕਿਹਾ । ਉਹਨਾਂ ਨੇ ਸ਼ਾਸਨ ਦੀ ਰੂਪਰੇਖਾ ਤਿਆਰ ਕਰਨ ਵਾਲੀ ਟੀਮ ਦਾ ਧੰਨਵਾਦ ਵੀ ਕੀਤਾ।