ਓਨਟਾਰੀਓ: ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਵਾਪਰੇ ਸੜਕ ਹਾਦਸੇ ‘ਚ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਟਰੱਕ ਡਰਾਈਵਰ ਦੀ ਪਛਾਣ ਸ਼ਰਨ ਵਜੋਂ ਹੋਈ ਹੈ, ਜਿਸ ਦਾ ਪਿਛੋਕੜ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਦੱਸਿਆ ਜਾ ਰਿਹਾ ਹੈ।
ਓਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਾਈਵੇਅ 401 ਦੇ ਵੈਸਟਬਾਉਂਡ ਅਤੇ ਸਾਊਥ ਗਲੈਨਗੈਰੀ ਓਨਟਾਰੀਓ ਵਿਖੇ ਸ਼ਰਨ ਦੇ ਟਰੱਕ ਦੀ ਅੱਗੇ ਜਾ ਰਹੇ ਇੱਕ ਹੋਰ ਟਰੱਕ ਨਾਲ ਟੱਕਰ ਹੋ ਗਈ, ਜਿਸ ਕਾਰਨ ਸ਼ਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਹਾਦਸਾ ਲੰਘੀ 18 ਜਨਵਰੀ ਸ਼ਾਮ ਦੇ 5:00 ਕੁ ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿਚ ਤਿੰਨ ਹੋਰ ਟਰੱਕ ਟਰੇਲਰ ਸ਼ਾਮਲ ਸਨ ਪਰ ਹੋਰ ਕਿਸੇ ਵੀ ਟਰੱਕ ਚਾਲਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਪੁਲਿਸ ਵੱਲੋਂ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਸ਼ਰਨ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਗੋ ਫੰਡ ਮੀ ਮੁਹਿੰਮ ਸ਼ੁਰੂ ਕੀਤੀ ਗਈ ਹੈ।