PSPCL ਵੱਲੋਂ ਬੇਨਿਯਮੀਆਂ ਤੇ ਲਾਪਰਵਾਹੀ ਦੇ ਚਲਦਿਆਂ ਜੂਨੀਅਰ ਇੰਜੀਨੀਅਰ ਮੁਅੱਤਲ

Global Team
2 Min Read

ਚੰਡੀਗੜ੍ਹ: ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੇ ਨਿਰਦੇਸ਼ਾਂ ‘ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ ਡਿਸਟ੍ਰੀਬਿਊਸ਼ਨ ਡਿਵੀਜ਼ਨ ਬਠਿੰਡਾ ਅਧੀਨ ਤਾਇਨਾਤ ਸਬ ਡਵੀਜ਼ਨ ਗੋਨਿਆਣਾ ਦੇ ਜੂਨੀਅਰ ਇੰਜੀਨੀਅਰ ਗੁਰਵਿੰਦਰ ਸਿੰਘ ਨੂੰ ਸਰਕਾਰੀ ਡਿਊਟੀ ਦੌਰਾਨ ਬੇਨਿਯਮੀਆਂ ਅਤੇ ਅਣਗਹਿਲੀ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਹੈ।

ਬਿਜਲੀ ਮੰਤਰੀ ਨੇ ਕਿਹਾ ਕਿ ਇਹ ਕਦਮ ਪੀ.ਐਸ.ਪੀ.ਸੀ.ਐਲ. ਨੂੰ ਵਟਸਐਪ ਰਾਹੀਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਜੂਨੀਅਰ ਇੰਜੀਨੀਅਰ ਕਥਿਤ ਤੌਰ ‘ਤੇ 11 ਕੇਵੀ ਫੀਡਰ ਦੀ 24 ਘੰਟੇ ਸਪਲਾਈ ਲਾਈਨ ਤੋਂ ਟਿਊਬਵੈੱਲ ਰੂਮ ਲਈ ਘਰੇਲੂ ਬਿਜਲੀ ਕੁਨੈਕਸ਼ਨ ਲਾਉਣ ਵਾਸਤੇ ਰਿਸ਼ਵਤ ਮੰਗ ਕਰ ਰਿਹਾ ਹੈ।ਪੀ.ਐਸ.ਪੀ.ਸੀ.ਐਲ. ਦੇ ਤਕਨੀਕੀ ਆਡਿਟ ਵਿੰਗ ਨੇ ਮੁੱਢਲੀ ਪੜਤਾਲ ਦੌਰਾਨ ਪਾਇਆ ਕਿ ਜੇ.ਈ. ਗੁਰਵਿੰਦਰ ਸਿੰਘ ਨੇ ਨਿਯਮਾਂ ਦੀ ਉਲੰਘਣਾ ਕਰਕੇ ਫਾਈਲ ਕਲੀਅਰ ਕੀਤੀ ਅਤੇ ਤਿੰਨ ਖੰਭਿਆਂ ਦਾ ਪ੍ਰਬੰਧ ਵੀ ਕੀਤਾ।

ਜਾਂਚ ਦੇ ਚਲਦਿਆਂ ਸਾਈਟ ਦੇ ਦੌਰੇ ਦੌਰਾਨ ਜੇ.ਈ. ਗੁਰਵਿੰਦਰ ਸਿੰਘ ਨੇ ਮੰਨਿਆ ਕਿ ਸਬੰਧਤ ਸਾਈਟ ਪੀ.ਐਸ.ਪੀ.ਸੀ.ਐਲ. ਦੇ ਨਿਯਮਾਂ ਅਨੁਸਾਰ ਘਰੇਲੂ ਕੁਨੈਕਸ਼ਨ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀ। ਦੱਸਣਯੋਗ ਹੈ ਕਿ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਬਿਜਲੀ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਡਿਊਟੀ ਨਿਭਾਉਣ ਸਮੇਂ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਅਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹਰਭਜਨ ਸਿੰਘ ਈ.ਟੀ.ਓ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਵਿੱਚੋਂ ਰਿਸ਼ਵਤਖੋਰੀ ਦੀ ਇਸ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਸੂਬਾ ਸਰਕਾਰ ਦਾ ਸਹਿਯੋਗ ਕਰਨ ਅਤੇ ਜੇਕਰ ਬਿਜਲੀ ਵਿਭਾਗ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਮੰਗਦਾ ਹੈ ਤਾਂ ਤੁਰੰਤ ਉਨ੍ਹਾਂ ਦੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ।

Share This Article
Leave a Comment