ਪਟਿਆਲਾ : ਦੇਸ਼ ‘ਚ ਕੋਲੇ ਦੀ ਘਾਟ ਕਾਰਨ ਜਿੱਥੇ ਗੰਭੀਰ ਬਿਜਲੀ ਸੰਕਟ ਪੈਦਾ ਹੋ ਗਿਆ ਹੈ, ਉੱਥੇ ਹੀ ਪੰਜਾਬ ‘ਚ ਵੀ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ। ਸ਼ਨੀਵਾਰ ਨੂੰ ਸੂਬੇ ਦੇ ਛੋਟੇ-ਵੱਡੇ ਸ਼ਹਿਰਾਂ ਵਿੱਚ ਬਿਜਲੀ ਸਪਲਾਈ ਵਿੱਚ ਕਟੌਤੀ ਕੀਤੀ ਗਈ। ‘ਪਾਵਰ ਕੱਟ’ ਬੇਸ਼ੱਕ ਥੋੜੇ-ਥੋੜੇ ਸਮੇਂ ਲਈ ਲੱਗੇ ਸਨ, ਪਰ ਕੱਟ ਲਗਾਤਾਰ ਲੱਗਦੇ ਰਹਿਣ ਕਾਰਨ ਲੋਕਾਂ ਨੂੰ ਸੰਕੇਤ ਮਿਲ ਗਿਆ ਕਿ ਆਉਂਦੇ ਦਿਨਾਂ ਦੌਰਾਨ ਸੂਬੇ ਵਿੱਚ ਬਿਜਲੀ ਸਪਲਾਈ ਗੰਭੀਰ ਹੋਣ ਵਾਲੀ ਹੈ
ਮੌਜੂਦਾ ਕੋਲਾ ਸੰਕਟ ਦੇ ਚੱਲਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਲੋਕਾਂ ਨੂੰ ਖ਼ਾਸ ਅਪੀਲ ਕੀਤੀ ਹੈ।
ਪੀ. ਐੱਸ. ਪੀ. ਸੀ. ਐੱਲ. ਨੇ ਕਿਹਾ ਹੈ ਕਿ ਦੇਸ਼ ‘ਚ ਕੋਲੇ ਦੀ ਭਾਰੀ ਕਮੀ ਹੋ ਗਈ ਹੈ। ਇਸ ਲਈ ਲੋਕਾਂ ਨੂੰ ਆਪਣੀਆਂ ਲਾਈਟਾਂ, ਬਿਜਲੀ ਦੇ ਉਪਕਰਣ ਅਤੇ ਏਅਰ ਕੰਡੀਸ਼ਨਰ ਬੰਦ ਕਰਕੇ ਬਿਜਲੀ ਬਚਾਉਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਪੰਜਾਬ ‘ਚ ਥਰਮਲ ਪਲਾਂਟਾਂ ਲਈ ਕੋਲਾ ਸੰਕਟ ਗੰਭੀਰ ਹੋ ਗਿਆ ਹੈ। ਇਸ ਵੇਲੇ ਰਾਜਪੁਰਾ ਥਰਮਲ ਪਲਾਂਟ ਅਤੇ ਤਲਵੰਡੀ ਸਾਬੋ ‘ਚ 3 ਦਿਨ ਤੋਂ ਘੱਟ ਦਾ ਕੋਲਾ ਬਚਿਆ ਹੈ, ਜਦੋਂ ਕਿ ਗੋਇੰਦਵਾਲ ਸਾਹਿਬ ਪਲਾਂਟ ‘ਚ 2 ਹਜ਼ਾਰ ਟਨ ਕੋਲਾ ਬਚਿਆ ਹੈ।