ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ 8ਵੀਂ ਜਮਾਤ ਦੇ ਨਤੀਜੇ ਜਾਰੀ ਕੀਤੇ ਗਏ, ਜਿਸ ਵਿੱਚ ਪਹਿਲੇ ਤਿੰਨ ਸਥਾਨਾਂ ‘ਚ ਦੋ ਧੀਆਂ ਨੇ ਥਾਂ ਬਣਾਈ। ਹੁਸ਼ਿਆਰਪੁਰ ਦੇ ਪੁਨੀਤ ਵਰਮਾ ਨੇ 100 ਫੀਸਦੀ ਅੰਕ ਲੈ ਕੇ ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਸਥਾਨ ‘ਤੇ ਫਰੀਦਕੋਟ ਦੀ ਨਵਜੋਤ ਕੌਰ ਨੇ ਵੀ 100% ਅੰਕ ਪ੍ਰਾਪਤ ਕੀਤੇ। ਤੀਜੇ ਸਥਾਨ ‘ਤੇ ਅੰਮ੍ਰਿਤਸਰ ਦੀ ਨਵਜੋਤ ਕੌਰ ਨੇ 600 ਵਿੱਚੋਂ 599 ਅੰਕ ਲੈ ਕੇ ਟੌਪ-3 ਵਿੱਚ ਥਾਂ ਬਣਾਈ।
ਪੁਨੀਤ ਵਰਮਾ – ਵਿਦਿਆ ਨਾਲ ਖੇਡਾਂ ‘ਚ ਵੀ ਚੈਂਪਿਅਨ
ਹੁਸ਼ਿਆਰਪੁਰ ਦੇ ਪੁਨੀਤ ਵਰਮਾ ਨੇ ਸੂਬੇ ਭਰ ‘ਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਉਹ ਚੀਫ ਖਾਲਸਾ ਦੀਵਾਨ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਮਾਡਲ ਟਾਊਨ ਦੇ ਵਿਦਿਆਰਥੀ ਹਨ। ਪੁਨੀਤ ਨਾ ਸਿਰਫ਼ ਪੜਾਈ ਵਿੱਚ, ਸਗੋਂ ਸ਼ਤਰੰਜ ਵਿੱਚ ਵੀ ਪੰਜਾਬ ਚੈਂਪਿਅਨ ਰਹਿ ਚੁੱਕਾ ਹੈ ਅਤੇ ਰਾਸ਼ਟਰੀ ਪੱਧਰ ‘ਤੇ ਖੇਡ ਚੁੱਕਾ ਹੈ। ਉਹ ਭਵਿੱਖ ਵਿੱਚ ਆਈਆਈਟੀ ਵਿਚ ਦਾਖਲਾ ਲੈ ਕੇ ਆਈਏਐਸ ਅਧਿਕਾਰੀ ਬਣਨਾ ਚਾਹੁੰਦਾ ਹੈ।
ਫਰੀਦਕੋਟ ਦੀ ਨਵਜੋਤ – ਡਰਾਈਵਰ ਦੀ ਧੀ ਨੇ ਕੀਤਾ ਕਮਾਲ
ਨਵਜੋਤ ਕੌਰ, ਜੋ ਕਿ ਫਰੀਦਕੋਟ ਦੇ ਪਿੰਡ ਕੋਟਸੁਖੀਆ ਦੇ ਸੰਤ ਮੋਹਨ ਦਾਸ ਸਕੂਲ ਦੀ ਵਿਦਿਆਰਥਣ ਹੈ, ਨੇ 100% ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਉਸ ਦੇ ਪਿਤਾ ਕਰਣਜੀਤ ਸਿੰਘ ਪੇਸ਼ੇ ਵਜੋਂ ਡਰਾਈਵਰ ਹਨ ਅਤੇ ਉਸੇ ਦੇ ਸਕੂਲ ਵੈਨ ਚਲਾਉਂਦੇ ਹਨ। ਨਵਜੋਤ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ, ਵੱਡੀ ਭੈਣ ਅਤੇ ਅਧਿਆਪਕਾਂ ਨੂੰ ਦਿੱਤਾ।
ਅੰਮ੍ਰਿਤਸਰ ਦੀ ਨਵਜੋਤ ਕੌਰ – ਭਵਿੱਖ ਦੀ ਡਾਕਟਰ
ਅੰਮ੍ਰਿਤਸਰ ਦੇ ਪਿੰਡ ਚੰਨਕੇ ਦੀ ਨਵਜੋਤ ਕੌਰ ਨੇ 600 ‘ਚੋਂ 599 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਉਸ ਦਾ ਸੁਪਨਾ ਇੱਕ ਡਾਕਟਰ ਬਣ ਕੇ ਮਰੀਜ਼ਾਂ ਅਤੇ ਲੋੜਵੰਦਾਂ ਦੀ ਸੇਵਾ ਕਰਨਾ ਹੈ। ਸਕੂਲ ‘ਚ ਨਤੀਜੇ ਆਉਣ ਤੋਂ ਬਾਅਦ ਢੋਲ ਦੀਆਂ ਥਾਪਾਂ ‘ਤੇ ਉਸ ਦੇ ਮਾਪਿਆਂ ਅਤੇ ਸਕੂਲ ਪ੍ਰਬੰਧਨ ਨੇ ਖ਼ੁਸ਼ੀ ਮਨਾਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।