ਨਿਊਜ਼ ਡੈਸਕ: ਪੂਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਰੂਸ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਨੂੰ ਲੈ ਕੇ ਜਿੱਥੇ ਪੂਰੇ ਦੇਸ਼ਾਂ ਵਿਦੇਸ਼ਾਂ ਵੱਲੋਂ ਔਖੇ ਫਸੇ ਬਾਹਰਲੇ ਨਾਗਰਿਕਾਂ ਲਈ ਚਿੰਤਾ ਜਤਾਈ ਜਾ ਰਹੀ ਹੈ, ਉੱਥੇ ਹੀ ਮਾਨਸਾ ਦੇ ਬੱਸ ਸਟੈਂਡ ਚੌਕ ‘ਚ ਨੌਜਵਾਨ ਸਭਾ, ਆਇਸ਼ਾ ਅਤੇ ਲਿਬਰੇਸ਼ਨ ਪਾਰਟੀ ਵੱਲੋਂ ਜੰਗ ਨੂੰ ਖ਼ਤਮ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਜਲੰਧਰ `ਚ ਵੀ ਪ੍ਰਦਰਸ਼ਨ ਕਰ ਕੇ ਲੋਕਾਂ ਨੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਜਲਦ ਭਾਰਤ ਲਿਆਉਣ ਦੀ ਮੰਗ ਕੀਤੀ।
ਮਾਨਸਾ ਦੇ ਬੱਸ ਸਟੈਂਡ ਚੌਂਕ ‘ਚ ਲਿਬਰੇਸ਼ਨ ਪਾਰਟੀ ਅਤੇ ਆਇਸ਼ਾ ਵੱਲੋਂ ਇਕੱਠੇ ਹੋ ਕੇ ਜੰਗ ਨੂੰ ਖ਼ਤਮ ਕਰਨ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਵਿਦੇਸ਼ੀ ਤਾਕਤਾਂ ਵਿਸ਼ਵ ਯੁੱਧ ਛੇੜਨ ਦੀਆਂ ਜੋ ਕੋਸ਼ਿਸ਼ਾਂ ਕਰ ਰਹੀਆਂ ਹਨ, ਉਸ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਉਨ੍ਹਾਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਕਿਹਾ ਕਿ ਜੋ ਵਿਦਿਆਰਥੀ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਗਏ ਹਨ, ਉਨ੍ਹਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਜਾਵੇ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਰੂਸ ਵੱਲੋਂ ਜੋ ਯੂਕਰੇਨ ਨਾਲ ਵਤੀਰਾ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਵੀ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਫੌਰੀ ਤੌਰ ਤੇ ਐਕਸ਼ਨ ਲਵੇ ਤੇ ਆਪਣੇ ਨਾਗਰਿਕਾਂ ਨੂੰ ਭਾਰਤ ਵਿਚ ਲਿਆਉਣ ਲਈ ਕੋਸ਼ਿਸ਼ ਕਰੇ।
ਉੱਥੇ ਹੀ ਜਲੰਧਰ ‘ਚ ਵੀ ਕੁਝ ਲੋਕਾਂ ਨੇ ਰੂਸ, ਯੂਕਰੇਨ ਅਤੇ ਨਾਟੋ ਖਿਲਾਫ ਪ੍ਰਦਰਸ਼ਨ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਨ ਕੀ ਬਾਤ ਵਿੱਚ ਯੂਕਰੇਨ ਵਿੱਚ ਫਸੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਦੀ ਗੱਲ ਕਰਨੀ ਚਾਹੀਦੀ ਸੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਨਾਟੋ ਇੱਕ ਫੌਜੀ ਗਠਜੋੜ ਹੈ ਜਿਸ ਵਿੱਚ ਅਮਰੀਕਾ, ਆਸਟ੍ਰੇਲੀਆ ਅਤੇ ਕਈ ਹੋਰ ਵੱਡੇ ਦੇਸ਼ ਸ਼ਾਮਲ ਹਨ। ਪਹਿਲਾਂ ਤਾਂ ਨਾਟੋ ਨੇ ਯੂਕਰੇਨ ਨੂੰ ਭਰੋਸਾ ਦਿੱਤਾ ਸੀ ਕਿ ਉਹ ਸਾਰੇ ਉਸ ਦੇ ਨਾਲ ਹਨ, ਪਰ ਹੁਣ ਜਦੋਂ ਰੂਸ ਨੇ ਯੂਕਰੇਨ `ਤੇ ਹਮਲਾ ਕਰ ਦਿੱਤਾ ਹੈ, ਫਿਰ ਉਹ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦੇ ਰਹੇ।