ਝੋਨੇ ਦੀ ਝੂਠੀ ਕਾਂਗਿਆਰੀ ਅਤੇ ਬਾਸਮਤੀ ਨੂੰ ਬਲਾਸਟ ਤੋਂ ਸਮੇਂ ਸਿਰ ਬਚਾਓ

TeamGlobalPunjab
7 Min Read

-ਮਨਦੀਪ ਸਿੰਘ

 

ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਝੂਠੀ ਕਾਂਗਿਆਰੀ ਅਤੇ ਬਲਾਸਟ (ਭੁਰੜ ਰੋਗ) ਗੰਭੀਰ ਚਿੰਤਾ ਦਾ ਵਿਸ਼ਾ ਹਨ। ਗੈਰ-ਸਿਫਾਰਿਸ਼ ਕਿਸਮਾਂ ਦੀ ਕਾਸ਼ਤ ਦੇ ਨਾਲ ਨਾਈਟ੍ਰੋਜਨ ਖਾਦ ਦੀ ਵੱਧ ਵਰਤੋਂ ਅਤੇ ਅਣਮਿੱੱਥੀ ਬਾਰਿਸ਼ ਕਾਰਨ ਸੂਬੇ ਵਿੱਚ ਦੋਵਾਂ ਬਿਮਾਰੀਆਂ ਦੀ ਤੀਬਰਤਾ ਵਧੀ ਹੈ। ਪਿਛਲੇ 5-6 ਸਾਲਾਂ ਦੇ ਸਰਵੇਖਣ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਝੂਠੀ ਕਾਂਗਿਆਰੀ ਨੀਵੇਂ ਖੇਤਾਂ ਵਿੱਚ ਵੱਧ ਹੈ ਅਤੇ ਨਾਲ ਹੀ ਜਿਹੜੀ ਫਸਲ ਦੇ ਸਿੱਟੇ ਨਿਕਲਣ ਸਮੇਂ ਮੀਂਹ ਪੈਂਦਾ ਰਿਹਾ ਹੋਵੇ, ਉੱਥੇ ਵੀ ਇਸ ਬਿਮਾਰੀ ਦਾ ਹਮਲਾ ਵੱਧ ਹੋਇਆ ਹੈ। ਇਸੇ ਤਰ੍ਹਾਂ ਬਲਾਸਟ, ਬਾਸਮਤੀ ਦੇ ਝਾੜ ਨੂੰ ਘਟਾਉਣ ਲਈ ਜ਼ਿੰਮੇਵਾਰ, ਇੱਕ ਗੰਭੀਰ ਬਿਮਾਰੀ ਹੈ। ਪਹਿਲਾਂ ਇਹ ਬਿਮਾਰੀ ਸਿਰਫ ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹਿਆਂ ਦੇ ਨੀਮ ਪਹਾੜੀ ਇਲਾਕਿਆਂ ਵਿੱਚ ਪਾਈ ਜਾਂਦੀ ਸੀ, ਪਰ ਹੁਣ ਜਿਆਦਾ ਖੇਤਰ ਵਿੱਚ ਬਾਸਮਤੀ ਦੀ ਕਾਸ਼ਤ ਨਾਲ ਇਹ ਬਿਮਾਰੀ ਪੰਜਾਬ ਦੇ ਦੂਜੇ ਖੇਤਰਾਂ ਵਿੱਚ ਵੀ ਆਉਣ ਲੱੱਗ ਪਈ ਹੈ।

ਹਾਲਾਂਕਿ ਇਹਨ੍ਹਾਂ ਬਿਮਾਰੀਆਂ ਨੂੰ ਸਮੇਂ ਸਿਰ ਉੱਲੀਨਾਸ਼ਕਾਂ ਦੇ ਛਿੜਕਾਅ ਨਾਲ ਚੰਗੀ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ, ਪਰ ਕਈ ਵਾਰ ਕਿਸਾਨ ਗੈਰ-ਸਿਫਾਰਿਸ਼ ਉਲੀਨਾਸ਼ਕਾਂ ਦਾ ਛਿੜਕਾਅ ਫਸਲ ਦਾ ਅਖੀਰਲੇ ਪੜਾਅ ਤੱਕ ਵੀ ਕਰਦੇ ਰਹਿੰਦੇ ਹਨ। ਇਸ ਨਾਲ ਨਾ ਤਾਂ ਬਿਮਾਰੀ ਦੀ ਸਹੀ ਰੋਕਥਾਮ ਹੁੰਦੀ ਹੈ ਬਲਕਿ ਫਸਲ ਉਤੇ ਉਲੀਨਾਸ਼ਕਾਂ ਦੀ ਰਹਿੰਦ-ਖੂੰਹਦ ਵੀ ਰਹਿ ਜਾਂਦੀ ਹੈ ਜਿਸ ਕਰਕੇ ਬਾਸਮਤੀ ਦੇ ਦੂਜੇ ਦੇਸ਼ਾਂ ਨੂੰ ਨਿਰਯਾਤ ਉੱਤੇ ਮਾੜਾ ਅਸਰ ਪੈਂਦਾ ਹੈ।ਇਸ ਕਰਕੇ ਇਨ੍ਹਾਂ ਦੋਵਾਂ ਬਿਮਾਰੀਆਂ ਤੇ ਕਾਬੂ ਪਾਉਣ ਲਈ ਬਿਮਾਰੀ ਦੇ ਲੱਛਣ, ਇਸਦੇ ਵਾਧੇ ਲਈ ਅਨੁਕੂਲ ਹਾਲਾਤਾਂ ਅਤੇ ਰੋਕਥਾਮ ਵਿਧੀਆਂ ਦੀ ਪੂਰੀ ਜਾਣਕਾਰੀ ਹੋਣੀ ਜਰੂਰੀ ਹੈ।

- Advertisement -

ਝੂਠੀ ਕਾਂਗਿਆਰੀ : ਝੂਠੀ ਕਾਂਗਿਆਰੀ ਨਾਲ ਨਾ ਸਿਰਫ ਝਾੜ ਘੱਟਦਾ ਹੈ ਬਲਕਿ ਦਾਣਿਆਂ ਦੀ ਗੁਣਵੱਤਾ ਵੀ ਘੱੱਟ ਜਾਂਦੀ ਹੈ।ਆਮ ਤੌਰ ਤੇ ਇਸ ਬਿਮਾਰੀ ਨੂੰ ਹਲਦੀ ਰੋਗ ਵੀ ਕਹਿੰਦੇ ਹਨ। ਪਹਿਲਾਂ ਇਹ ਸਿਰਫ ਸੂਬੇ ਦੇ ਨੀਮ ਪਹਾੜੀ ਇਲਾਕਿਆਂ ਤੱਕ ਸੀਮਿਤ ਸੀ ਪਰ ਅੱੱਜਕਲ ਇਹ ਪੰਜਾਬ ਦੇ ਕੇਂਦਰੀ ਇਲਾਕਿਆਂ ਜਿਵੇਂ ਕਿ ਲੁਧਿਆਣਾ, ਪਟਿਆਲਾ, ਸੰਗਰੂਰ, ਜਲੰਧਰ ਅਤੇ ਕਪੂਰਥਲਾ ਵਿੱਚ ਵੀ ਲਗਾਤਾਰ ਪਾਈ ਜਾਂਦੀ ਹੈ। ਕੇਂਦਰੀ ਜ਼ਿਲ੍ਹਿਆਂ ਵਿੱਚ ਇਸ ਦੀ ਤੀਬਰਤਾ ਜਿਆਦਾ ਹੈ।ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਇਸ ਬਿਮਾਰੀ ਦੀ ਤੀਬਰਤਾ ਔਸਤਨ 4 ਪ੍ਰਤੀਸ਼ਤ ਪਾਈ ਜਾਂਦੀ ਹੈ।

ਬਿਮਾਰੀ ਦੇ ਚਿੰਨ੍ਹ ਸਿਰਫ ਸਿੱਟਾ ਬਣਨ ਸਮੇਂ ਹੀ ਨਜ਼ਰ ਆਉਂਦੇ ਹਨ। ਬਿਮਾਰੀ ਵਾਲੀ ਉਲੀ ਦਾਣਿਆਂ ਨੂੰ ਧੂੜੇਦਾਰ ਉਲੀ ਦੇ ਗੋਲਿਆਂ ਵਿੱਚ ਬਦਲ ਦਿੰਦੀ ਹੈ ਜੋ ਕਿ ਸ਼ੁਰੂਆਤ ਵਿੱਚ ਸਲੇਟੀ ਰੰਗ ਦੇ ਨਜ਼ਰ ਆਉਂਦੇ ਹਨ, ਬਾਅਦ ਵਿੱਚ ਸੰਤਰੀ ਅਤੇ ਅਖੀਰ ਵਿੱਚ ਗੂੜ੍ਹੇ ਹਰੇ ਬਣ ਜਾਂਦੇ ਹਨ। ਇਸ ਧੂੜੇਦਾਰ ਉਲੀ ਦਾ ਆਕਾਰ ਆਮ ਦਾਣਿਆਂ ਦੇ ਆਕਾਰ ਤੋਂ ਕਈ ਗੁਣਾ ਵੱਡਾ ਹੁੰਦਾ ਹੈ, ਇਸ ਲਈ ਖੇਤ ਵਿੱਚ ਬਿਮਾਰੀ ਦੀ ਘੱਟ ਤੀਬਰਤਾ ਵੀ ਬਹੁਤੀ ਲੱਗਦੀ ਹੈ। ਜਦੋਂ ਕਿਸਾਨ ਜਿਆਦਾ ਨਾਈਟ੍ਰੋਜਨ ਖਾਦ ਪਾਉਂਦੇ ਹਨ ਉਦੋਂ ਵੀ ਬਿਮਾਰੀ ਦੀ ਤੀਬਰਤਾ ਵੱਧਦੀ ਹੈ। ਖੇਤ ਵਿੱਚ ਹਰੀ ਖਾਦ ਜਾਂ ਰੂੜੀ ਪਾਉਣ ਤੋਂ ਬਾਅਦ ਵੀ ਜੇਕਰ ਕਿਸਾਨ ਜਿਆਦਾ ਨਾਈਟ੍ਰੋਜਨ ਪਾਉਂਦੇ ਹਨ, ਤਾਂ ਵੀ ਇਹ ਬਿਮਾਰੀ ਹੋਰ ਗੰਭੀਰ ਹੋ ਸਕਦੀ ਹੈ।ਇਸ ਬਿਮਾਰੀ ਦੇ ਕਣ ਮਿਟੀ ਵਿਚ ਜਿਉਂਦੇ ਰਹਿੰਦੇ ਹਨ ਜੋ ਕਿ ਨਵੀਂ ਫਸਲ ਨੂੰ ਬਿਮਾਰੀ ਦੀ ਲਾਗ ਲਾਉਂਦੇ ਹਨ। ਨੀਵੇਂ ਖੇਤਾਂ ਵਿੱਚ, ਜਿੱਥੇ ਕਿ ਪਾਣੀ ਖੜ੍ਹਾ ਰਹਿੰਦਾ ਹੈ, ਉਥੇ ਅਨੁਕੂਲ ਹਾਲਾਤ ਮਿਲਣ ਤੇ ਬਿਮਾਰੀ ਬਹੁਤ ਆਉਂਦੀ ਹੈ। ਜ਼ਿਆਦਾ ਨਮੀਂ, ਬੱਦਲਵਾਈ ਵਾਲਾ ਮੌਸਮ ਅਤੇ ਨਿਸਰਣ ਸਮੇਂ ਰੁੱਕ-ਰੁੱੱਕ ਕੇ ਮੀਂਹ ਦਾ ਪੈਣਾ, ਬਿਮਾਰੀ ਲਈ ਅਨੁਕੂਲ ਹਾਲਾਤ ਹਨ। ਇਸਦੇ ਉਲਟ ਗੋਭ ਦੇ ਨਿਸਰਨ ਤੱਕ ਸੁੱੱਕੇ ਹਾਲਾਤ ਬਿਮਾਰੀ ਲਈ ਅਨੁਕੂਲ ਨਹੀਂ ਹਨ ਤੇ ਜਿਹੜੇ ਖੇਤਾਂ ਵਿੱਚ ਪਿਛਲੇ ਸਾਲ ਬਿਮਾਰੀ ਦੀ ਜ਼ਿਆਦਾ ਤੀਬਰਤਾ ਸੀ ਸੁੱੱਕੇ ਹਾਲਾਤਾਂ ਦੌਰਾਨ ਉਹ ਬਿਮਾਰੀ ਤੋਂ ਬਚ ਜਾਂਦੇ ਹਨ।

ਇਸ ਸਮੇਂ ਸੂਬੇ ਵਿੱਚ ਆਮ ਤੌਰ ਤੇ ਉਗਾਈਆਂ ਜਾਣ ਵਾਲੀਆਂ ਝੋਨੇ ਦੀਆਂ ਮੁਖ ਕਿਸਮਾਂ ਵਿਚ ਬਿਮਾਰੀ ਲਈ ਸਹਿਣਸ਼ਲਿਤਾ ਨਹੀਂ ਹੈ। ਬਿਮਾਰੀ ਤੋਂ ਬਚਾਅ ਲਈ ਨਾਈਟ੍ਰੋਜਨ ਖਾਦ ਘੱਟ ਪਾਓ। ਇਸਦੀ ਰੋਕਥਾਮ ਲਈ ਸਮੇਂ ਸਿਰ ਉਲੀਨਾਸ਼ਕ ਦਾ ਛਿੜਕਾਅ ਸਭ ਤੋਂ ਜਰੂਰੀ ਕਾਰਕ ਹੈ ਕਿਉਂਕਿ ਲੇਟ ਛਿੜਕਾਅ ਬਿਮਾਰੀ ਤੋਂ ਪੂਰੀ ਸੁਰੱੱਖਿਆ ਨਹੀਂ ਦਿੰਦਾ। ਇਸ ਕਰਕੇ ਪਹਿਲਾਂ ਛਿੜਕਾਅ ਬਿਮਾਰੀ ਨਜ਼ਰ ਆਉਣ ਤੋਂ ਪਹਿਲਾਂ ਹੀ ਕਰ ਦੇਣਾ ਚਾਹੀਦਾ ਹੈ, ਖਾਸ ਕਰਕੇ ਉਨ੍ਹਾਂ ਖੇਤਾਂ ਵਿੱਚ ਜਿੱੱਥੇ ਪਿਛਲੇ ਸਾਲ ਬਿਮਾਰੀ ਆਈ ਹੋਵੇ। ਛਿੜਕਾਅ ਗੋਭ ਵੇਲੇ ਹੀ ਕਰਨਾ ਚਾਹੀਦਾ ਹੈ। ਬਿਮਾਰੀ ਦੀ ਸਫਲਤਾ ਪੂਰਵਕ ਰੋਕਥਾਮ ਲਈ ਗਲੀਲਿਓ ਵੇਅ 18.76 ਐਸ ਸੀ 400 ਮਿ.ਲਿ. ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਬਲਾਸਟ ਰੋਗ : ਇਹ ਇੱਕ ਉਲੀ ਰੋਗ ਹੈ ਅਤੇ ਬਾਸਮਤੀ ਦੇ ਪੌਦੇ ਦੇ ਉਪਰਲੇ ਸਾਰੇ ਭਾਗਾਂ ਜਿਵੇਂ ਕਿ ਪੱਤੇ, ਘੰਢੀ, ਸਿੱਟੇ ਅਤੇ ਕਈ ਵਾਰ ਤਣੇ ਦੁਆਲੇ ਵੀ ਆਉਂਦਾ ਹੈ।ਆਮ ਤੌਰ ਤੇ ਬਿਮਾਰੀ ਦੋ ਪੜਾਵਾਂ ਵਿੱਚ ਆਉਂਦੀ ਹੈ- ਪੱਤੇ ਦਾ ਬਲਾਸਟ ਅਤੇ ਘੰਢੀ ਰੋਗ ਜਿਸ ਵਿੱਚੋਂ ਬਾਅਦ ਵਾਲਾ ਜ਼ਿਆਦਾ ਗੰਭੀਰ ਹੈ ਕਿਉਂਕਿ ਇਸ ਨਾਲ ਭਾਰੀ ਨੁਕਸਾਨ ਹੁੰਦਾ ਹੈ।ਜੇਕਰ ਇੱਕ ਵਾਰੀ ਘੰਢੀ ਰੋਗ ਖੇਤ ਵਿੱਚ ਆ ਜਾਵੇ ਤਾਂ ਬਿਮਾਰੀ ਨੂੰ ਕਾਬੂ ਕਰਨਾ ਬਹੁਤ ਔਖਾ ਹੈ।ਬਿਮਾਰੀ ਦੀ ਸ਼ੁਰੂਆਤ ਲਈ ਤਾਪਮਾਨ 22-280 ਸੈਂਟੀਗ੍ਰੇਡ ਦੇ ਨਾਲ 90 ਪ੍ਰਤੀਸ਼ਤ ਤੋਂ ਜਿਆਦਾ ਨਮੀਂ ਅਤੇ ਮੀਂਹ, ਬਹੁਤ ਹੀ ਅਨੁਕੂਲ ਹਨ।ਇਹ ਬਿਮਾਰੀ ਪੱੱਤਿਆਂ ਉਤੇ ਤਕਲੇ ਵਰਗੇ ਧੱਬੇ ਜਿਨ੍ਹਾਂ ਦਾ ਕੇਂਦਰ ਸਲੇਟੀ ਅਤੇ ਬਾਹਰੋਂ ਭੂਰਾ ਹੁੰਦਾ ਹੈ, ਦੇ ਰੂਪ ਵਿੱਚ ਨਜ਼ਰ ਆਉਂਦੀ ਹੈ।ਬਾਅਦ ਵਿੱਚ ਇਹ ਬਿਮਾਰੀ ਘੰਢੀ ਉਤੇ ਗੂੜ੍ਹੇ ਭੂਰੇ ਤੋਂ ਕਾਲੇ ਰੰਗ ਦੇ ਧੱੱਬਿਆਂ ਵਿੱਚ ਨਜ਼ਰ ਆਉਂਦੀ ਹੈ।ਇਸ ਕਰਕੇ ਸਿੱੱਟੇ ਥੱੱਲੇ ਵੱਲ ਨੂੰ ਝੁੱਕ ਜਾਂਦੇ ਹਨ ਅਤੇ ਝਾੜ ਵਿੱਚ ਕਾਫੀ ਨੁਕਸਾਨ ਹੁੰਦਾ ਹੈ। ਇਸ ਬਿਮਾਰੀ ਨੂੰ ਕਾਬੂ ਕਰਨ ਲਈ ਕਿਸਾਨ ਵੀਰਾਂ ਨੂੰ ਹੇਠ ਲਿਖੇ ਅਨੁਸਾਰ ਸਲਾਹ ਦਿੱਤੀ ਜਾਂਦੀ ਹੈ-

–  ਨਾਈਟ੍ਰੋਜਨ ਖਾਦ ਦੀ ਸਿਫਾਰਿਸ਼ ਕੀਤੀ ਮਾਤਰਾ ਹੀ ਵਰਤੋ।
–  ਖੇਤ ਵਿੱਚ ਲੋੜੀਂਦੀ ਨਮੀ ਬਣਾਈ ਰੱੱਖਣ ਲਈ ਪਾਣੀ ਲਾਓ।
–  ਸਿੱਟਾ ਨਿਕਲਣ ਸਮੇਂ ਸਿਫਾਰਿਸ਼ ਕੀਤੇ ਉਲੀਨਾਸ਼ਕ (ਐਮੀਸਟਾਰ ਟੌਪ 200 ਮਿ.ਲਿ. ਜਾਂ ਇੰਡੋਫਿਲ ਜ਼ੈਡ 78 500 ਗ੍ਰਾਮ 200 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ) ਹੀ ਵਰਤੋ। ਜੇਕਰ ਬਿਮਾਰੀ ਪਹਿਲਾਂ ਆ ਜਾਂਦੀ ਹੈ ਤਾਂ ਉਲੀਨਾਸ਼ਕਾਂ ਦਾ ਇੱੱਕ ਛਿੜਕਾਅ ਕਰੋ। ਆਖਰੀ ਛਿੜਕਾਅ ਦਾ ਸਮਾਂ ਪੂਸਾ ਬਾਸਮਤੀ 1509 ਲਈ ਪਨੀਰੀ ਲਾਉਣ ਤੋਂ 65-70 ਦਿਨ੍ਹਾਂ ਤੱਕ, ਪੂਸਾ ਬਾਸਮਤੀ 1121, ਸੀ ਐਸ ਆਰ 30, ਪੰਜਾਬ ਬਾਸਮਤੀ 5, ਪੰਜਾਬ ਬਾਸਮਤੀ 3 ਤੇ ਪੰਜਾਬ ਬਾਸਮਤੀ 2 ਲਈ 75-80 ਦਿਨਾਂ ਤੱਕ ਅਤੇ ਬਾਸਮਤੀ 386, ਬਾਸਮਤੀ 370 ਅਤੇ ਪੰਜਾਬ ਬਾਸਮਤੀ 4 ਲਈ ਪਨੀਰੀ ਲਾਉਣ ਤੋਂ 85-90 ਦਿਨ੍ਹਾਂ ਤੋਂ ਲੇਟ ਨਹੀਂ ਹੋਣਾ ਚਾਹੀਦਾ।
–  ਫਸਲ ਦੇ ਅਖੀਰਲੇ ਪੜਾਅ ਤੇ ਉਲੀਨਾਸ਼ਕਾਂ ਦੇ ਛਿੜਕਾਅ ਕਰਨ ਨਾਲ ਦਾਣਿਆਂ ਉਤੇ ਉਲੀਨਾਸ਼ਕਾਂ ਦੀ ਰਹਿੰਦ-ਖੂੰਹਦ ਰਹਿ ਜਾਂਦੀ ਹੈ। ਗੈਰ-ਸਿਫਾਰਿਸ਼ ਕੀਤੇ ਗਏ ਉਲੀਨਾਸ਼ਕਾਂ ਦੀ ਵਰਤੋਂ ਬਿਲਕੁਲ ਨਾ ਕਰੋ।
–  ਬਾਸਮਤੀ ਉਪਰ ਉਲੀਨਾਸ਼ਕਾਂ ਦੀ ਵਰਤੋਂ ਲਈ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰੋ।

- Advertisement -

ਸੰਪਰਕ : 97799-07040

Share this Article
Leave a comment