ਅਵਤਾਰ ਸਿੰਘ
ਪ੍ਰੋਫੈਸਰ ਰੁਚੀ ਰਾਮ ਸਾਹਨੀ ਇਕ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਹ ਇਕ ਨਿਪੁੰਨ ਅਧਿਆਪਕ,ਮਾਹਰ ਵਿਗਿਆਨੀ ਤੇ ਦੇਸ਼ ਭਗਤ ਸਨ। ਉਨ੍ਹਾਂ ਦਾ ਜਨਮ ਸਿੰਧੂ ਘਾਟੀ ਦੇ ਨੇੜੇ ਡੇਰਾ ਇਸਮਾਈਲ ਖਾਨ ਵਿਖੇ 5 ਅਪ੍ਰੈਲ 1863 ਨੂੰ ਹੋਇਆ। ਇਥੋਂ ਮੁੱਢਲੀ ਵਿਦਿਆ ਹਾਸਿਲ ਕਰਨ ਤੋਂ ਬਾਅਦ ਦਸਵੀਂ ਲਾਹੌਰ ਵਿੱਚ ਕੀਤੀ ਤੇ ਪੰਜਾਬ ਵਿੱਚੋਂ ਪਹਿਲੇ ਨੰਬਰ ‘ਤੇ ਆਉਣ ਵਾਲੇ ਦਸਾਂ ਵਿੱਚੋਂ ਉਹ ਇਕ ਸਨ।
ਪੰਜਾਬ ਯੂਨੀਵਰਸਿਟੀ ਵਿੱਚੋਂ ਪਹਿਲੇ ਨੰਬਰ ‘ਤੇ ਬੀ ਏ ਦੀ ਡਿਗਰੀ ਹਾਸਲ ਕੀਤੀ। 1885-87 ਤੱਕ ਉਨ੍ਹਾਂ ਨੇ ਭਾਰਤੀ ਮੌਸਮ ਵਿਭਾਗ ਵਿੱਚ ਪਹਿਲਾਂ ਕਲਕੱਤਾ ਤੇ ਫਿਰ ਸ਼ਿਮਲਾ ਵਿੱਚ ਨੌਕਰੀ ਕੀਤੀ। ਉਹ ਅਕਸਰ ਕੰਮ ਕਾਰ ਦੌਰਾਨ ‘ਭਾਰਤੀ ਰੁਤਾਂ’ ਤੇ ‘ਮੌਨਸੂਣ ਪੌਣਾਂ’ ਸਬੰਧੀ ਭਾਸ਼ਣ ਦਿੰਦੇ ਸਨ ਤੇ ਹੱਥੀਂ ਬਣਾਏ ਚਾਰਟਾਂ ਤੇ ਚਿਤਰਾਂ ਰਾਂਹੀ ਸਮਝਾਉਂਦੇ ਸਨ।
1887 ਵਿਚ ਲਾਹੌਰ ਵਿਖੇ ਰਸਾਇਣ ਵਿਗਿਆਨ ਦੇ ਮੁਖੀ ਬਣੇ ਤੇ ਉਨ੍ਹਾਂ ਪੰਜਾਬ ਵਿਗਿਆਨ ਸੰਸਥਾ ਦੀ ਸਥਾਪਨਾ ਕੀਤੀ।
ਸੰਸਥਾ ਨੇ ਲੋਕਾਂ ਵਿੱਚ ਵਿਗਿਆਨ ਬਾਰੇ ਦਿਲਚਸਪੀ ਪੈਦਾ ਕਰਨ ਲਈ ਵਿਸ਼ੇਸ ਭਾਸ਼ਣਾਂ ਦੀ ਮੁਹਿੰਮ ਸ਼ੁਰੂ ਕੀਤੀ । 90% ਭਾਸ਼ਣ ਪ੍ਰੋਫੈਸਰ ਰੁਚੀ ਰਾਮ ਸਾਹਨੀ ਵਲੋਂ ਹੀ ‘ਜਨ ਸਧਾਰਨ ਲਈ ਵਿਗਿਆਨ’ ਵਿਸ਼ੇ ‘ਤੇ ਹੁੰਦੇ ਸਨ। ਉਨ੍ਹਾਂ 500 ਤੋਂ ਵੱਧ ਭਾਸ਼ਣ ਦਿੱਤੇ ਜਿਨ੍ਹਾਂ ਵਿੱਚ 20 ਪੰਜਾਬੀ ਭਾਸ਼ਾ ਵਿੱਚ ਗੁਰਦੁਆਰਿਆਂ ਵਿੱਚ ਦਿਤੇ। ਉਨ੍ਹਾਂ ਦੇ ਹੋਰ ਵਿਸ਼ੇ ‘ਸ਼ੁਧ ਤੇ ਆਸ਼ੁਧ ਹਵਾ’, ‘1880 ਤੋਂ ਪਹਿਲਾਂ ਲਾਹੌਰ ਨਿਵਾਸੀ ਕਿਹੋ ਜਿਹੇ ਸਨ’ ਆਦਿ ਵਿਸ਼ੇ ਸਨ।
1888 ਉਨ੍ਹਾਂ ਰੇਲਵੇ ਦੇ ਮਿਸਤਰੀ ਅੱਲਾ ਬਖਸ਼ ਦੀ ਮਦਦ ਨਾਲ ਵਿਸ਼ੇਸ ਉਪਕਰਣ ਵਰਕਸ਼ਾਪ ਬਣਾਈ, ਜਿਥੋਂ 50% ਤੋਂ ਘੱਟ ਰੇਟ ‘ਤੇ ਉਪਕਰਨ ਬਣਾ ਕੇ ਵੇਚਣੇ ਸ਼ੁਰੂ ਕੀਤੇ।
ਉਨ੍ਹਾਂ ਨੂੰ 1906 ‘ਚ ਕਲਕੱਤੇ ਵਿਖੇ ਲੱਗੀ ਪ੍ਰਦਰਸ਼ਨੀ ਵਿੱਚ ਸੋਨੇ ਦਾ ਤਮਗਾ ਇਨਾਮ ਵਜੋਂ ਮਿਲਿਆ। 1914 ਜਰਮਨੀ ਖੁਰਦਬੀਨ ਦੇ ਲੈਂਜ਼ਾ ਦੀ ਰਗੜਾਈ ਤੇ ਹੋਰ ਸਮਾਨ ਲਈ ਗਏ ਪਰ ਪਹਿਲਾ ਯੁੱਧ ਸ਼ੁਰੂ ਹੋਣ ਤੇ ਇੰਗਲੈਂਡ ਚਲੇ ਗਏ। ਉਥੇ ਨੋਬਲ ਇਨਾਮ ਜੇਤੂ ਵਿਗਿਆਨੀ ਲਾਰਡ ਅਰਨੈਸਟ ਨਾਲ ਰਲ ਕੇ ਖੋਜ ਪੱਤਰ ਲਿਖੇ।
1918 ਭਾਰਤ ‘ਚ ਕਾਂਗਰਸ ਵਿਚ ਸ਼ਾਮਲ ਹੋ ਕੇ ਸਰਗਰਮ ਹੋ ਗਏ ਤੇ ਉਨ੍ਹਾਂ ਆਪਣਾ ਰਾਏ ਸਾਹਿਬ ਦਾ ਖਿਤਾਬ ਸਰਕਾਰ ਨੂੰ ਮੋੜ ਦਿੱਤਾ ਤੇ ਲਾਰਡ ਰਿਪਨ ਵਿਰੁੱਧ ਲਗੇ ਮੋਰਚੇ ਵਿਚ ਭਾਗ ਲਿਆ। ਉਨ੍ਹਾਂ 1946 ‘ਚ ‘ਗੁਰਦੁਆਰਾ ਰੀਫਾਰਮ ਮੂਵਮੈਂਟ’ ਨਾਮੀ ਕਿਤਾਬ ਲਿਖੀ। ਉਹ ਦਿ ਟ੍ਰਿਬਿਊਨ ਟਰੱਸਟ ਦੇ ਬਾਨੀ ਟਰਸਟੀ ਤੇ ਦਿਆਲ ਸਿੰਘ ਕਾਲਜ ਲਾਇਬਰੇਰੀ ਦੇ ਵੀ ਬਾਨੀ ‘ਮੈਂਬਰ’ ਸਨ। ਉਨ੍ਹਾਂ ਦੇ ਪੰਜ ਪੁਤਰ ਤੇ ਤਿੰਨ ਧੀਆਂ ਸਨ। 3 ਜੂਨ 1948 ਨੂੰ ਉਨ੍ਹਾਂ ਦਾ ਮੁੰਬਈ ਵਿਖੇ ਦੇਹਾਂਤ ਹੋ ਗਿਆ।