ਵਾਸ਼ਿੰਗਟਨ : ਅਮਰੀਕਾ ‘ਚ ਭਾਰਤੀ ਪੇਸ਼ੇਵਰਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ‘ਚ ਨਵੇਂ ਵੀਜ਼ਾ ਪ੍ਰਤੀਬੰਧਾਂ ਦਾ ਐਲਾਨ ਕਰ ਸਕਦੇ ਹਨ। ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਮਰੀਕਾ ‘ਚ ਨੌਕਰੀਆਂ ਲਈ ਆਉਣ ਵਾਲੇ ਵਿਦੇਸ਼ੀਆਂ ਨੂੰ ਰੋਕਣ ਦੇ ਲਈ ਅਤੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਤਬਾਹ ਹੋ ਚੁੱਕੀ ਜਾੱਬ ਮਾਰਕਿਟ ‘ਚ ਨੌਕਰੀਆਂ ਲਈ ਸੰਘਰਸ਼ ਕਰ ਰਹੇ ਆਮ ਅਮਰੀਕੀਆਂ ਨੂੰ ਬਚਾਉਣ ਲਈ ਕੁਝ ਦਿਨਾਂ ਦੇ ਅੰਦਰ ਹੀ ਵੀਜ਼ਾ ‘ਤੇ ਨਵੇਂ ਪ੍ਰਤੀਬੰਧ ਲਗਾਉਣ ਦਾ ਐਲਾਨ ਕਰਨਗੇ। ਇੱਕ ਨਿਊਜ਼ ਚੈਨਲ ਨੂੰ ਦਿੱਤੀ ਆਪਣੀ ਇੰਟਰਵਿਊ ‘ਚ ਟਰੰਪ ਨੇ ਕਿਹਾ ਕਿ ਅਸੀਂ ਵੀਜ਼ਾ ਨਾਲ ਸਬੰਧਿਤ ਕੁਝ ਘੋਸ਼ਣਾਵਾਂ ਕਰਨ ਜਾ ਰਹੇ ਹਾਂ। ਹਾਲਾਂਕਿ ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਇਨ੍ਹਾਂ ਪ੍ਰਤੀਬੰਧਾਂ ‘ਚ ਕੁਝ ਛੋਟ ਵੀ ਦਿੱਤੀ ਜਾਵੇਗੀ ਤਾਂ ਉਨ੍ਹਾਂ ਨੇ ਇਸ ‘ਤੇ ਕੋਈ ਜਵਾਬ ਨਹੀਂ ਦਿੱਤਾ।
ਇਸ ਦੌਰਾਨ ਵ੍ਹਾਈਟ ਹਾਊਸ ਨੇ ਵੀ ਟਵੀਟ ਕਰਕੇ ਐਚ1 ਬੀ, ਐਚ2 ਬੀ, ਐਲ1 ਅਤੇ ਜੇ1 ਵੀਜ਼ਾ ‘ਤੇ ਪਾਬੰਦੀਆਂ ਲਗਾਉਣ ਦੀ ਗੱਲ ਕਹੀ ਹੈ। ਟਰੰਪ ਨੇ ਆਪਣੇ ਬਿਆਨ ‘ਚ ਕਿਹਾ, “ਵੱਡੇ ਕਾਰੋਬਾਰਾਂ ‘ਚ ਕੰਮ ਕਰਨ ਲਈ ਵਿਦੇਸ਼ਾਂ ਤੋਂ ਆਉਣ ਵਾਲੇ ਪੇਸ਼ੇਵਰਾਂ ਦੀ ਲੋੜ ਹੈ ਪਰ ਇਹ ਲੋਕ ਲੰਬੇ ਸਮੇਂ ਤੋਂ ਵੱਡੀ ਗਿਣਤੀ ਵਿਚ ਆ ਰਹੇ ਹਨ। ਇਨ੍ਹਾਂ ‘ਤੇ ਜ਼ਿਆਦਾ ਰੋਕ ਨਹੀ ਲਗਾਈ ਗਈ ਹੈ, ਪਰ ਹੁਣ ਅਸੀਂ ਕੁਝ ਨਵੀਂਆਂ ਪਾਬੰਦੀਆਂ ਲਗਾ ਕੇ ਉਨ੍ਹਾਂ ਨੂੰ ਵੱਡੇ ਪੱਧਰ’ ਤੇ ਆਉਣ ਤੋਂ ਰੋਕ ਸਕਦੇ ਹਾਂ।”
ਇਸ ਦੇ ਨਾਲ ਹੀ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ, ਖ਼ਾਸਕਰ ਆਈ ਟੀ ਕੰਪਨੀਆਂ ਨੇ ਟਰੰਪ ਨੂੰ ਬੇਨਤੀ ਕੀਤੀ ਹੈ ਕਿ ਉਹ ਵਿਦੇਸ਼ੀ ਪੇਸ਼ੇਵਰਾਂ ‘ਤੇ ਪਾਬੰਦੀ ਲਗਾਉਣ ਦੇ ਫੈਸਲੇ’ ਤੇ ਵਿਚਾਰ ਕਰਨ ਕਿਉਂਕਿ ਇਸ ਨਾਲ ਅਰਥ ਵਿਵਸਥਾ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਅਪ੍ਰੈਲ ਵਿਚ ਕੁਝ ਵਿਦੇਸ਼ੀਆਂ ਦੇ ਅਮਰੀਕਾ ‘ਚ ਰਹਿਣ ‘ਤੇ ਅਸਥਾਈ ਤੌਰ ‘ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਸੀ। ਇਸ ਦੇ ਨਾਲ ਹੀ ਟਰੰਪ ਨੇ ਮਾਰਚ ‘ਚ ਸਿਹਤ ਨਿਯਮਾਂ ‘ਚ ਵੀ ਬਦਲਾਅ ਕੀਤਾ ਸੀ ਤਾਂ ਜੋ ਸਰਹੱਦ ‘ਤੇ ਹਿਰਾਸਤ ‘ਚ ਲਏ ਗਏ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਪਨਾਹ ਨਾ ਮਿਲ ਸਕੇ।
ਦੱਸ ਦਈਏ ਕਿ ਅਮਰੀਕਾ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 23 ਲੱਖ 56 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 1 ਲੱਖ 22 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਮਹਾਮਾਰੀ ਕਾਰਨ ਦਮ ਤੋੜ ਚੁੱਕੇ ਹਨ।