ਲਖਨਊ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਇੱਕ ਵਾਰ ਮੁੜ ਤੋਂ ਉਤਰ ਪ੍ਰਦੇਸ਼ ਪੁਲਿਸ ਦੀ ਸਖ਼ਤੀ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਿਯੰਕਾ ਦੇ ਕਾਫਲੇ ਨੂੰ ਬੁੱਧਵਾਰ ਨੂੰ ਯੂ.ਪੀ. ਪੁਲਿਸ ਨੇ ਲਖਨਊ ਵਿੱਚ ਰੋਕ ਲਿਆ। ਪ੍ਰਿਯੰਕਾ ਆਗਰਾ ਵਿਖੇ 19 ਅਕਤੂਬਰ ਨੂੰ ਪੁਲਿਸ ਹਿਰਾਸਤ ਵਿੱਚ ਇੱਕ ਸਫਾਈ ਕਰਮਚਾਰੀ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੂੰ ਮਿਲਣ ਜਾ ਰਹੀ ਸੀ।
ਇਸ ਬਾਰੇ ਲਖਨਊ ਪੁਲਿਸ ਨੇ ਕਿਹਾ ਹੈ ਕਿ ਪ੍ਰਿਯੰਕਾ ਗਾਂਧੀ ਨੂੰ ਆਗਰਾ ਜਾਣ ਤੋਂ ਰੋਕਿਆ ਗਿਆ ਹੈ, ਧਾਰਾ 144 ਲਾਗੂ ਹੈ, ਉਨ੍ਹਾਂ ਨੂੰ ਪੁਲਿਸ ਲਾਈਨ ਲੈ ਜਾਇਆ ਜਾ ਰਿਹਾ ਹੈ।
ਆਗਰਾ ਜਾਣ ਤੋਂ ਰੋਕਣ ‘ਤੇ ਪ੍ਰਿਯੰਕਾ ਨੇ ਕਿਹਾ ਕਿ ‘ਪੁਲਿਸ ਦੀ ਖੁਦ ਦੀ ਸਥਿਤੀ ਅਜਿਹੀ ਹੋ ਗਈ ਹੈ ਕਿ ਉਹ ਕੁਝ ਵੀ ਕਹਿਣ ਦੇ ਸਮਰੱਥ ਨਹੀਂ ਹੈ। ਇੱਥੋਂ ਤਕ ਕਿ ਪੁਲਿਸ ਦੇ ਅਧਿਕਾਰੀ ਵੀ ਜਾਣਦੇ ਹਨ ਕਿ ਇਹ ਗਲਤ ਹੈ, ਇਸਦੇ ਪਿੱਛੇ ਕਾਨੂੰਨ ਵਿਵਸਥਾ ਦਾ ਕੋਈ ਮੁੱਦਾ ਨਹੀਂ ਹੈ। ਹਰ ਜਗ੍ਹਾ ਇਹ ਕਿਹਾ ਜਾਂਦਾ ਹੈ ਕਿ ਧਾਰਾ -144 ਲਾਗੂ ਹੈ।’
ਪ੍ਰਿਯੰਕਾ ਨੇ ਪੁਲਿਸ ਨੂੰ ਸਵਾਲ ਕੀਤਾ ਕਿ ਕਿਸੇ ਦੀ ਮੌਤ ‘ਤੇ ਉਸ ਦੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਦੇ ਕੇ ਕਾਨੂੰਨ ਵਿਵਸਥਾ ਕਿਵੇਂ ਭੰਗ ਹੋ ਸਕਦੀ ਹੈ?
ਤਲਖ਼ ਲਹਿਜੇ ਵਿੱਚ ਪ੍ਰਿਯੰਕਾ ਨੇ ਪੁਲਿਸ ਨੂੰ ਆਖਿਆ ਕਿ, ‘ਤੁਹਾਨੂੰ ਖੁਸ਼ ਕਰਨ ਲਈ, ਕੀ ਮੈਂ ਲਖਨਊ ਦੇ ਗੈਸਟ ਹਾਊਸ ਵਿੱਚ ਆਰਾਮ ਨਾਲ ਬੈਠੀ ਰਹਾਂ, ਕਿਉਂਕਿ ਇਹ ਭਾਜਪਾ ਲਈ ਰਾਜਨੀਤਿਕ ਤੌਰ ‘ਤੇ ਸੁਵਿਧਾਜਨਕ ਹੈ। ਕਿਸੇ ਨੂੰ ਪੁਲਿਸ ਹਿਰਾਸਤ ਵਿੱਚ ਕੁੱਟ-ਕੁੱਟ ਕੇ ਮਾਰਨਾ ਕਿਥੋਂ ਦਾ ਨਿਆਂ ਹੈ?’