ਨਿਊਜ਼ ਡੈਸਕ: ਪ੍ਰਿਅੰਕਾ ਚੋਪੜਾ ਨੇ ਬਿਆਨ ਜਾਰੀ ਕਰ ਕੇ ਲੰਦਨ ‘ਚ ਕਿਸੇ ਵੀ ਤਰ੍ਹਾਂ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਬ੍ਰਿਟਿਸ਼ ਮੀਡੀਆ ‘ਚ ਖ਼ਬਰਾਂ ਨਸ਼ਰ ਹੋਈਆਂ ਸਨ ਕਿ ਪ੍ਰਿਅੰਕਾ ਲਾਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰ ਕੇ ਇਕ ਸੈਲੂਨ ਗਈ ਸਨ। ਬ੍ਰਿਟੇਨ ‘ਚ ਲਾਕਡਾਊਨ ਨਿਯਮਾਂ ਮੁਤਾਬਕ ਸੈਲੂਨ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਕਿਸੇ ਵੀ ਤਰ੍ਹਾਂ ਦੇ ਨਿਯਮ ਦੀ ਉਲੰਘਣਾ ਕਰਨ ਵਾਲੇ ਮਾਲਕ ‘ਤੇ 10,000 ਪਾਉਂਡ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
View this post on Instagram
ਖਬਰਾਂ ਮੁਤਾਬਕ ਲੰਦਨ ‘ਚ ‘ਟੈਕਸਟ ਫੌਰ ਯੂ’ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਪ੍ਰਿਯੰਕਾ ਆਪਣੀ ਮਾਂ ਮਧੂ ਚੋਪੜਾ ਦੇ ਨਾਲ ਨਾਟਿੰਗ ਹਿੱਲ ਵਿਚ ਵੁੱਡ ਕਲਰ ਸੈਲੂਨ ਵਿੱਚ ਸੀ, ਉਦੋਂ ਪੁਲੀਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਅਧਿਕਾਰੀਆਂ ਨੇ ਸੈਲੂਨ ਪਹੁੰਚ ਕੇ ਮਾਲਕ ਨੂੰ ਚਿਤਾਵਨੀ ਦਿੱਤੀ ਅਤੇ ਉਸ ‘ਤੇ ਕੋਈ ਜੁਰਮਾਨਾ ਨਹੀਂ ਲਗਾਇਆ। ਅਦਾਕਾਰਾ ਦੀ ਟੀਮ ਨੇ ਇਕ ਬਿਆਨ ‘ਚ ਕਿਹਾ ਕਿ ਪ੍ਰਿਅੰਕਾ ਫ਼ਿਲਮ ਦੇ ਸਿਲਸਿਲੇ ‘ਚ ਸੈਲੂਨ ਵਿੱਚ ਸੀ ਅਤੇ ਪੁਲੀਸ ਨੇ ਹੀ ਉਨ੍ਹਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਸੀ।
View this post on Instagram
ਉਨ੍ਹਾਂ ਕਿਹਾ ਸਰਕਾਰੀ ਮਨਜ਼ੂਰੀ ਤੋਂ ਬਾਅਦ ਫ਼ਿਲਮ ਲਈ ਪ੍ਰਿਅੰਕਾ ਚੋਪੜਾ ਦੇ ਵਾਲਾਂ ਨੂੰ ਕਲਰ ਕੀਤਾ ਗਿਆ। ਪ੍ਰੋਡਕਸ਼ਨ ਲਈ ਸੈਲੂਨ ਖੁੱਲ੍ਹਾ ਹੋਇਆ ਸੀ ਅਤੇ ਉੱਥੇ ਮੌਜੂਦ ਸਾਰੇ ਲੋਕਾਂ ਦੀ ਜਾਂਚ ਹੋਈ ਸੀ। ਇਸ ਦੇ ਨਾਲ ਹੀ ਡੀਸੀਐਮਸੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਫ਼ਿਲਮ ਪ੍ਰੋਡਕਸ਼ਨ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ।