ਸਰੀ: ਕੈਨੇਡਾ ‘ਚ ਦੋ ਸਾਲ ਪਹਿਲਾਂ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇੰਟੀਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਡੇਵਿਡ ਲੀ ਨੇ ਦੱਸਿਆ ਕਿ ਇਸ ਸਾਲ ਜਨਵਰੀ ‘ਚ ਰੌਬਰਟ ਟੌਮਜਿਨੋਵਿਕ (Robert Tomljenovic) ਨੂੰ ਕਤਲ ਅਤੇ ਲੁੱਟ ਖੋਹ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਹੁਣ ਸਜ਼ਾ ਦਾ ਐਲਾਨ ਕੀਤਾ ਗਿਆ ਹੈ।
ਦੱਸ ਦਈਏ ਕਿ 7 ਅਪ੍ਰੈਲ 2020 ਨੂੰ ਵੱਡੇ ਤੜਕੇ ਸਰੀ ਦੀ 138 ਏ ਸਟੀਟ ਦੇ 8800 ਬਲਾਕ ‘ਚ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਤੇ ਪੁਲਿਸ ਅਫ਼ਸਰ ਮੌਕੇ ‘ਤੇ ਪੁੱਜੇ ਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸ਼ਮਸ਼ੇਰ ਸਿੰਘ ਦਾ 21 ਸਾਲਾ ਪੁੱਤਰ ਪ੍ਰਿਤਪਾਲ ਸਿੰਘ ਗੰਭੀਰ ਜ਼ਖ਼ਮੀ ਹਾਲਤ ‘ਚ ਮਿਲਿਆ ਜਿਸ ਦੇ ਕਈ ਗੋਲੀਆਂ ਲੱਗੀਆਂ ਸਨ। ਐਮਰਜੰਸੀ ਕਾਮਿਆਂ ਵੱਲੋਂ ਪ੍ਰਿਤਪਾਲ ਸਿੰਘ ਨੂੰ ਹਸਪਤਾਲ ਲਿਜਾਣ ਦਾ ਯਤਨ ਕੀਤਾ ਗਿਆ ਪਰ ਉਹ ਜ਼ਖ਼ਮਾਂ ਦੀ ਤਾਬ ਨਾਂ ਸਹਾਰਦਿਆਂ ਦਮ ਤੋੜ ਗਿਆ।
ਇੰਟੀਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਕਈ ਦਿਨਾਂ ਤੱਕ ਕੀਤੀ ਪੜਤਾਲ ਦੇ ਆਧਾਰ ‘ਤੇ 13 ਅਪ੍ਰੈਲ 2020 ਨੂੰ ਰੌਬਰਟ ਦੀ ਗ੍ਰਿਫ਼ਤਾਰੀ ਕੀਤੀ ਗਈ ਅਤੇ ਇਸ ਤੋਂ ਇਕ ਦਿਨ ਬਾਅਦ ਹੀ ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਵੱਲੋਂ ਰੋਬਰਟ ਵਿਰੁੱਧ ਦੋਸ਼ ਆਇਦ ਕਰ ਦਿੱਤੇ ਗਏ। ਸਾਰਜੈਂਟ ਡੇਵਿਡ ਲੀ ਨੇ ਦੱਸਿਆ ਕਿ ਜਾਂਚਕਰਤਾਵਾਂ ਦੀ ਅਣਥੱਕ ਮਿਹਨਤ ਸਦਕਾ ਪ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਵਿਚ ਸਫ਼ਲਤਾ ਮਿਲ ਸਕੀ।