ਚੰਡੀਗੜ: ਆਮ ਆਦਮੀ ਪਾਰਟੀ ਨੇ ਦਲਿਤ ਵਿਦਿਆਰਥੀਆਂ ਨੂੰ ਵਜੀਫਾ ਨਾ ਦੇਣ ਦਾ ਮੁੱਦਾ ਉਜਾਗਰ ਕੀਤਾ ਹੈ। ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕੈਪਟਨ ਸਰਕਾਰ ‘ਤੇ ਇਲਜ਼ਾਮ ਲਗਾਏ ਹਨ, ਕਿ ਪਿਛਲੇ ਤਿੰਨ ਸਾਲਾਂ ‘ਚ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਨੂੰ ਦਿੱਤਾ ਜਾਣ ਵਾਲਾ ਵਜ਼ੀਫਾ ਜਾਰੀ ਨਹੀਂ ਕੀਤਾ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਵਜ਼ੀਫੇ ਦੇ 1441 ਕਰੋੜ ਰੁਪਏ ਪੰਜਾਬ ਸਰਕਾਰ ਨੇ ਕਿਸੇ ਹੋਰ ਕੰਮ ਲਈ ਖਰਚ ਦਿੱਤੇ ਹਨ।
ਵਜ਼ੀਫਾ ਨਾ ਮਿਲਣ ਕਾਰਨ 1.30 ਲੱਖ ਦਲਿਤ ਵਿਦਿਆਰਥੀ ਪੜ੍ਹਾਈ ਛੱਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਲ 2016-17 ਵਿੱਚ ਦਲਿਤ ਵਿਦਿਆਰਥੀਆਂ ਦੀ ਗਿਣਤੀ 3.30 ਲੱਖ ਸੀ, ਜੋ ਇਸ ਸਾਲ ਸਿਰਫ 2 ਲੱਖ ਰਹਿ ਗਈ ਹੈ। ਇਸ ਦਾ ਕਾਰਨ ਹੈ ਪੰਜਾਬ ਸਰਕਾਰ, ਕਿਉਂਕਿ ਦਲਿਤ ਵਿਦਿਆਰਥੀ 20 ਤੋਂ 50 ਹਜ਼ਾਰ ਫੀਸ ਨਹੀਂ ਦੇ ਸਕਦੇ ਹਨ।
ਸਰਕਾਰ ਨੇ ਕਾਲਜਾਂ ਨੂੰ ਵਜ਼ੀਫ਼ਾ ਜਾਰੀ ਨਹੀਂ ਕੀਤਾ ਜਿਸ ਕਾਰਨ ਦਲਿਤ ਵਿਦਿਆਰਥੀ ਡਿਗਰੀਆਂ ਤੋਂ ਵਾਂਝੇ ਰਹਿ ਗਏ ਹਨ। ਇਸ ਦੇ ਨਾਲ ਬੇਰੁਜ਼ਗਾਰੀ ਵੀ ਵਧੀ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਮੰਗ ਕੀਤੀ ਹੈ ਕਿ ਸਰਕਾਰ ਜਲਦ ਤੋਂ ਜਲਦ ਵਜੀਫੇ ਦੇ ਬਕਾਇਆ 1441 ਕਰੋੜ ਰੁਪਏ ਜਾਰੀ ਕਰੇ ਤਾਂ ਜੋ ਦਲਿਤ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰ ਸਕਣ।