ਨਿਊ ਯਾਰਕ : ਬ੍ਰਿਟੇਨ ਦੇ ਡਿਊਕ ਪ੍ਰਿੰਸ ਹੈਰੀ ਦੀ ਪਤਨੀ ਮੇਘਨ ਮਾਰਕਲ ਨੇ ਅਮਰੀਕਾ ਵਿਚ ਇਕ ਧੀ ਨੂੰ ਜਨਮ ਦਿੱਤਾ ਹੈ। ਮੇਘਨ ਅਤੇ ਪ੍ਰਿੰਸ ਹੈਰੀ ਨੇ ਆਪਣੀ ਬੇਟੀ ਦਾ ਨਾਮ ਲਿੱਲੀਬੇਟ ‘ਲਿਲੀ’ ਡਾਇਨਾ ਰੱਖਿਆ ਹੈ । ਪ੍ਰਿੰਸ ਹੈਰੀ ਅਤੇ ਮੇਘਨ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਜੋੜੀ ਨੇ ਸਾਂਝੇ ਤੌਰ ਤੇ ਆਪਣੀ ਧੀ ਦਾ ਨਾਮ ਮਹਾਰਾਣੀ ਐਲਿਜ਼ਾਬੈਥ ਅਤੇ ਮਾਂ ਰਾਜਕੁਮਾਰੀ ਡਾਇਨਾ ਦੇ ਨਾਮ ਤੇ ਰੱਖਿਆ ਹੈ।
‘ਡਚੇਸ ਆਫ ਸਸੇਕਸ’ ਮੇਘਨ ਮਾਰਕਲ ਦੀ ਬੇਟੀ ਸਿਹਤਮੰਦ ਹੈ । ਪ੍ਰਿੰਸ ਹੈਰੀ ਅਤੇ ਮੇਘਨ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਇਹ ਜੋੜਾ ਆਪਣੇ ਦੂਜੇ ਬੱਚੇ, ਲੀਲੀਬੇਟ ‘ਲੀਲੀ’ ਡਾਇਨਾ ਮਾਉਂਟਬੈਟਨ-ਵਿੰਡਸਰ ਦਾ ਸਵਾਗਤ ਕਰ ਰਹੇ ਹਨ। ਬੱਚੀ ਦਾ ਭਾਰ ਸੱਤ ਪੌਂਡ ਭਾਵ ਤਕਰੀਬਨ 3.49 ਕਿਲੋਗ੍ਰਾਮ ਦੱਸਿਆ ਗਿਆ ਹੈ।
ਬੱਚੀ ਦਾ ਪਹਿਲਾ ਨਾਮ ‘ਲੀਲੀਬੇਟ’ ਮਹਾਰਾਣੀ ਐਲਿਜ਼ਾਬੈਥ ਦਾ ਪਿਆਰ ਨਾਲ ਬੁਲਾਇਆ ਜਾਣ ਵਾਲਾ ਨਾਮ ਹੈ, ਜਦੋਂ ਕਿ ਦੂਜਾ ਨਾਮ ਉਸਦੀ ਦਾਦੀ ਅਤੇ ਹੈਰੀ ਦੀ ਮਾਂ ਡਾਇਨਾ ਦੇ ਸਨਮਾਨ ਵਿਚ ਹੈ। ਇਹ ਬੱਚੀ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਵਾਰਸਾਂ ਵਿਚੋਂ ਅੱਠਵੇਂ ਨੰਬਰ ਤੇ ਹੋਵੇਗੀ। ਬੱਚੀ ਦੇ ਜਨਮ ਦੀ ਖ਼ਬਰ ਦੇ ਨਾਲ, ਅਜੇ ਤੱਕ ਉਸਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ ਹੈ । ਬੱਚੀ ਦਾ ਜਨਮ ਅਜਿਹੇ ਸਮੇਂ ਹੋਇਆ ਜਦੋਂ ਸ਼ਾਹੀ ਪਰਿਵਾਰ ਅਤੇ ਹੈਰੀ ਜੋੜੇ ਦਰਮਿਆਨ ਦੂਰੀਆਂ ਵਧੀਆਂ ਹੋਈਆਂ ਹਨ।