ਲਖੀਮਪੁਰ ਖੀਰੀ ਕੇਸ ਦੇ ਅਹਿਮ ਗਵਾਹ ’ਤੇ ਹੋਇਆ ਹਮਲਾ: ਪ੍ਰਸ਼ਾਂਤ ਭੂਸ਼ਣ

TeamGlobalPunjab
2 Min Read

ਨਵੀਂ ਦਿੱਲੀ: ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ 15 ਮਾਰਚ ਨੂੰ ਸੁਣਵਾਈ ਕਰੇਗੀ। ਹਿੰਸਾ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਦੇ ਤਿੰਨ ਮੈਬਰਾਂ ਨੇ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਣ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਮੰਗ ਦਰਜ ਕੀਤੀ ਸੀ। ਦੱਸ ਦਈਏ ਕਿ ਅਲਾਹਾਬਾਦ ਹਾਈ ਕੋਰਟ ਨੇ 10 ਫਰਵਰੀ ਨੂੰ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ ਸੀ, ਇਸ ਤੋਂ ਪਹਿਲਾਂ ਉਹ ਚਾਰ ਮਹੀਨੇ ਤੱਕ ਹਿਰਾਸਤ ਵਿੱਚ ਰਹੇ ਸਨ।

ਇਸ ਦੌਰਾਨ ਪਟੀਸ਼ਨਰਾਂ ਵੱਲੋਂ ਪੇਸ਼ ਪ੍ਰਸ਼ਾਂਤ ਭੂਸ਼ਣ ਨੇ ਕੋਰਟ ਨੂੰ ਦੱਸਿਆ ਕਿ ਕੇਸ ਦੇ ਮੁੱਖ ਗਵਾਹ ’ਤੇ ਵੀਰਵਾਰ ਰਾਤ ਨੂੰ ਹਮਲਾ ਕੀਤਾ ਗਿਆ ਹੈ।

ਚੀਫ਼ ਜਸਟਿਸ ਐੱਨ.ਵੀ. ਰਮੰਨਾ ਦੀ ਅਗਵਾਈ ਵਾਲੇ ਬੈਂਚ, ਜਿਸ ਵਿੱਚ ਜਸਟਿਸ ਏ.ਐੱਸ. ਬੋਪੰਨਾ ਅਤੇ ਜਸਟਿਸ ਹਿਮਾ ਕੋਹਲੀ ਵੀ ਸ਼ਾਮਲ ਸਨ, ਨੂੰ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਦੱਸਿਆ ਕਿ ਪਟੀਸ਼ਨ ਅੱਜ 11 ਮਾਰਚ ਲਈ ਸੂਚੀਬੱਧ ਸੀ, ਪਰ ਅੱਜ ਸੁਣਵਾਈ ਲਈ ਪਟੀਸ਼ਨਾਂ ਦੀ ਸੂਚੀ ਵਿੱਚ ਇਹ ਸ਼ਾਮਲ ਨਹੀਂ ਹੈ। ਬੈਂਚ ਨੇ ਕਿਹਾ, ‘ਕੋਈ ਗ਼ਲਤੀ ਹੋਈ ਹੈ, ਰਜਿਸਟਰੀ ਅਧਿਕਾਰੀ ਮੰਗਲਵਾਰ ਨੂੰ ਸੂਚੀਬੱਧ ਕਰਨਗੇ ਤੇ ਅਗਲੇ ਮੰਗਲਵਾਰ ਨੂੰ ਇਸ ’ਤੇ ਸੁਣਵਾਈ ਕੀਤੀ ਜਾਵੇਗੀ।’ ਭੂਸ਼ਣ ਨੇ 4 ਮਾਰਚ ਨੂੰ ਪਟੀਸ਼ਨ ’ਤੇ ਜ਼ਰੂਰੀ ਸੁਣਵਾਈ ਦੀ ਮੰਗ ਕੀਤੀ ਸੀ, ਜਿਸ ਮਗਰੋਂ ਇਸ ਨੂੰ ਅੱਜ ਲਈ ਸੂਚੀਬੱਧ ਕੀਤਾ ਗਿਆ ਸੀ।

ਧਿਆਨ ਯੋਗ ਹੈ ਕਿ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਹਿੰਸਾ ਵਿੱਚ 4 ਕਿਸਾਨਾਂ ਸਣੇ ਕੁੱਲ 8 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ‘ਚੋਂ 4 ਦੀ ਮੌਤ ਗੱਡੀ ਹੇਠਾਂ ਆਉਣ ਕਾਰਨ ਜਦਕਿ ਬਾਕੀ 4 ਲੋਕਾਂ ਦੀ ਹਿੰਸਾ ਵਿੱਚ ਹੋਈ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment