ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ‘ਤੇ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਨੇ ਆਦਮਪੁਰ ਏਅਰਪੋਰਟ ‘ਤੇ ਲੈਂਡਿੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਹਲਵਾਰਾ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਵਰਚੁਅਲ ਉਦਘਾਟਨ ਕੀਤਾ ਅਤੇ ਨਾਲ ਹੀ ਆਦਮਪੁਰ ਏਅਰਪੋਰਟ ਦਾ ਨਾਮ ਬਦਲ ਕੇ ‘ਸ਼੍ਰੀ ਗੁਰੂ ਰਵਿਦਾਸ ਜੀ ਹਵਾਈ ਅੱਡਾ’ ਰੱਖਿਆ।
ਇਸ ਉਪਰੰਤ, ਪ੍ਰਧਾਨ ਮੰਤਰੀ ਨੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਰਵਿਦਾਸੀਆ ਸਮਾਜ ਦੇ ਜਲੰਧਰ ਸਥਿਤ ਸਭ ਤੋਂ ਵੱਡੇ ਧਾਰਮਿਕ ਸਥਾਨ ਡੇਰਾ ਸਚਖੰਡ ਬੱਲਾਂ ਵਿਖੇ ਮੱਥਾ ਟੇਕਿਆ। ਜਾਣਕਾਰੀ ਮੁਤਾਬਕ, ਉਹ ਕਰੀਬ 40 ਮਿੰਟ ਤੱਕ ਡੇਰਾ ਬੱਲਾਂ ਵਿਖੇ ਰੁਕਣਗੇ। ਇਸ ਦੌਰਾਨ ਉਹ ਲੰਗਰ ਵੀ ਛਕਣਗੇ ਅਤੇ ਸੰਗਤ ਨਾਲ ਮੁਲਾਕਾਤ ਤੇ ਗੱਲਬਾਤ ਵੀ ਕਰਨਗੇ, ਜਿਸ ਕਾਰਨ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਂ ਪੰਜਾਬ ਦੀ ਇਸ ਮਿੱਟੀ ਨੂੰ ਨਮਨ ਕਰਦਾ ਹਾਂ। ਅੱਜ ਗੁਰੂ ਰਵਿਦਾਸ ਜੀ ਦੀ ਜਯੰਤੀ ਦਾ ਪਵਿੱਤਰ ਮੌਕਾ ਹੈ। ਮੈਨੂੰ ਇਸ ਸ਼ੁਭ ਮੌਕੇ ‘ਤੇ ਤੁਹਾਡੇ ਸਾਰਿਆਂ ਦੇ ਵਿਚਕਾਰ ਆਉਣ ਦਾ ਸੁਭਾਗ ਮਿਲਿਆ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਸੰਤ ਰਵਿਦਾਸ ਜਯੰਤੀ ਅਤੇ ਮਾਘ ਪੂਰਨਿਮਾ ਦੀਆਂ ਮੁਬਾਰਕਾਂ ਦਿੰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ, “ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਸ਼੍ਰੀ ਗੁਰੂ ਰਵਿਦਾਸ ਨੂੰ ਸਮਰਪਿਤ ਇੱਕ ਮੰਦਰ ਬਣਾਇਆ ਜਾ ਰਿਹਾ ਹੈ। ਮੈਂ ਖੁਸ਼ਕਿਸਮਤ ਹਾਂ ਕਿ ਉਸਦਾ ਨੀਂਹ ਪੱਥਰ ਰੱਖਣ ਦਾ ਮੌਕਾ ਵੀ ਮੈਨੂੰ ਮਿਲਿਆ।”
ਪ੍ਰਧਾਨ ਮੰਤਰੀ ਨੇ ਕਿਹਾ, “ਸ਼੍ਰੀ ਗੁਰੂ ਰਵਿਦਾਸ ਦੀਆਂ ਸਿੱਖਿਆਵਾਂ ਨੇ ਇੱਕ ਨਵੀਂ ਚੇਤਨਾ ਜਗਾਈ। ਭਾਰਤ ਨੇ ਵੀ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨਾ ਅਤੇ ਦੂਰ ਕਰਨਾ ਸ਼ੁਰੂ ਕਰ ਦਿੱਤਾ।” ਪ੍ਰਧਾਨ ਮੰਤਰੀ ਨੇ ਕਿਹਾ ਹਾਲ ਹੀ ‘ਚ ਸਾਡੀ ਯੂਰਪੀਅਨ ਯੂਨੀਅਨ ਨਾਲ ਵਪਾਰਕ ਡੀਲ (ਹੋਈ ਹੈ। ਇਸ ਨੂੰ ‘ਮਦਰ ਆਫ਼ ਆਲ ਡੀਲਜ਼’ ਕਿਹਾ ਜਾ ਰਿਹਾ ਹੈ। ਹੁਣ 27 ਦੇਸ਼ਾਂ ਨਾਲ ਸਾਡਾ ਵਪਾਰ ਖੂਬ ਵਧੇਗਾ-ਫੁੱਲੇਗਾ। ਸਾਡੇ ਪੰਜਾਬ ਦੀ ਪਛਾਣ ਤਾਂ ਇੱਥੋਂ ਦੇ ਕਿਸਾਨ ਨਾਲ ਹੈ, ਇੱਥੋਂ ਦੇ ਮਿਹਨਤੀ ਲੋਕਾਂ ਨਾਲ ਹੈ। ਇਸ ਨਾਲ ਪੰਜਾਬ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ। ਇੱਥੇ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਲੋਕਾਂ ਲਈ 27 ਦੇਸ਼ਾਂ ਦਾ ਬਾਜ਼ਾਰ ਖੁੱਲ੍ਹ ਗਿਆ ਹੈ। ਹੁਣ ਇਥੋਂ ਦੇ ਕੱਪੜਿਆਂ ‘ਤੇ ਟੈਕਸ ਨਾ ਦੇ ਬਰਾਬਰ ਹੋਵੇਗਾ। ਇਸ ਦਾ ਮਤਲਬ ਹੈ ਕਿ ਪੰਜਾਬ ਦੀਆਂ ਫੈਕਟਰੀਆਂ ਵਿੱਚ ਨੌਕਰੀਆਂ ਵਧਣਗੀਆਂ, ਆਰਡਰ ਵਧਣਗੇ ਅਤੇ ਪੰਜਾਬ ਵਿਕਾਸ ਦੇ ਰਾਹ ‘ਤੇ ਅੱਗੇ ਵਧੇਗਾ।”

