ਨਵੀ ਦਿੱਲੀ : ਸੰਸਦ ਦਾ ਬਜਟ ਇਜਲਾਸ ਬੀਤੇ 28 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ। ਪਹਿਲੇ ਦਿਨ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਲੋਕ ਸਭਾ ਅਤੇ ਰਾਜ ਸਭਾ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ 1 ਫਰਵਰੀ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਆਮ ਬਜਟ 2026 ਪੇਸ਼ ਕੀਤਾ। ਹੁਣ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਉੱਤੇ ਚਰਚਾ ਸ਼ੁਰੂ ਹੋ ਚੁੱਕੀ ਹੈ।
ਚਰਚਾ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਬਿਆਨ ‘ਤੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਹੈ ਅਤੇ ਸਦਨ ਦੀ ਕਾਰਵਾਈ ਕਈ ਵਾਰ ਮੁਲਤਵੀ ਕੀਤੀ ਗਈ ਹੈ। ਇਸ ਦੌਰਾਨ ਅੱਜ ਬੁੱਧਵਾਰ, 4 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਦਾ ਜਵਾਬ ਦੇਣ ਵਾਲੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 5 ਵਜੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਸਦਨ ਨੂੰ ਸੰਬੋਧਨ ਕਰਨਗੇ।
ਬਜਟ ਇਜਲਾਸ ਵਿੱਚ 30 ਬੈਠਕਾਂ ਹੋਣਗੀਆਂ। ਇਹ 2 ਅਪ੍ਰੈਲ ਨੂੰ ਖ਼ਤਮ ਹੋਵੇਗਾ। 28 ਜਨਵਰੀ ਤੋਂ ਸ਼ੁਰੂ ਹੋਇਆ ਪਹਿਲਾ ਪੜਾਅ 13 ਫਰਵਰੀ ਨੂੰ ਖ਼ਤਮ ਹੋਵੇਗਾ। ਇਸ ਤੋਂ ਬਾਅਦ ਦੂਜਾ ਪੜਾਅ 9 ਮਾਰਚ ਨੂੰ ਸ਼ੁਰੂ ਹੋਵੇਗਾ। ਲੋਕ ਸਭਾ ਵਿੱਚ 9 ਬਿੱਲ ਪੈਂਡਿੰਗ (ਲੰਬਿਤ) ਹਨ, ਜਿਨ੍ਹਾਂ ਵਿੱਚ ਵਿਕਸਿਤ ਭਾਰਤ ਸਿੱਖਿਆ ਅਧਿਸ਼ਠਾਨ ਬਿੱਲ 2025, ਸਿਕਿਉਰਿਟੀਜ਼ ਮਾਰਕੀਟ ਕੋਡ 2025 ਅਤੇ ਸੰਵਿਧਾਨ (129ਵੀਂ ਸੋਧ) ਬਿੱਲ 2024 ਸ਼ਾਮਲ ਹਨ। ਇਨ੍ਹਾਂ ਬਿੱਲਾਂ ਦੀ ਮੌਜੂਦਾ ਸਮੇਂ ਵਿੱਚ ਸੰਸਦੀ ਸਥਾਈ ਜਾਂ ਚੋਣਵੀਂਆਂ ਕਮੇਟੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਪਿਛਲੇ ਦੋ ਦਿਨਾਂ ਵਿੱਚ ਰਾਹੁਲ ਗਾਂਧੀ ਦੇ ਭਾਸ਼ਣ ‘ਤੇ ਜ਼ਬਰਦਸਤ ਹੰਗਾਮਾ ਹੋਇਆ। ਬੀਤੇ ਕੱਲ੍ਹ ਯਾਨੀ ਕਿ 3 ਫਰਵਰੀ ਨੂੰ ਕਾਰਵਾਈ ਦੌਰਾਨ, ਸਪੀਕਰ ਦੀ ਕੁਰਸੀ ਵੱਲ ਕਾਗਜ਼ ਸੁੱਟੇ ਗਏ। ਇੱਕ ਸ਼ਿਕਾਇਤ ਤੋਂ ਬਾਅਦ, ਪ੍ਰੀਜ਼ਾਈਡਿੰਗ ਅਫਸਰ ਦਿਲੀਪ ਸੈਕੀਆ ਨੇ ਅੱਠ ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ। ਅੱਜ ਲੋਕ ਸਭਾ ਤੋਂ ਮੁਅੱਤਲ ਕੀਤੇ ਗਏ ਅੱਠ ਵਿਰੋਧੀ ਸੰਸਦ ਮੈਂਬਰ ਸੰਸਦ ਦੇ ਮਕਾਰਾ ਗੇਟ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਸੰਸਦ ਮੈਂਬਰਾਂ ਨੇ ਪੋਸਟਰ ਫੜੇ ਹੋਏ ਹਨ। ਪੋਸਟਰਾਂ ‘ਤੇ ਸਾਬਕਾ ਫੌਜ ਮੁਖੀ ਨਰਵਣੇ, ਪ੍ਰਧਾਨ ਮੰਤਰੀ ਮੋਦੀ ਅਤੇ ਜੈਫਰੀ ਐਪਸਟਾਈਨ ਦੀਆਂ ਤਸਵੀਰਾਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

