ਵਾਸ਼ਿੰਗਟਨ : ਅਮਰੀਕਾ – ਇਰਾਨ ਦੇ ਵਿਚਕਾਰ ਸ਼ਾਂਤੀ ਗੱਲਬਾਤ ਅਸਫਲ ਹੋਣ ਤੋਂ ਬਾਅਦ ਤਣਾਅ ਹੋਰ ਵਧ ਗਿਆ ਹੈ। ਅਜਿਹੇ ਵਿੱਚ ਹੁਣ ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਅਤੇ ਨਵਾਂ ਦਾਅਵਾ ਸਾਹਮਣੇ ਆਇਆ ਹੈ, ਜਿਸ ਨੂੰ ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਵਿੱਚ ਇੱਕ ਨਵੇਂ ਮੋੜ ਵਜੋਂ ਦੇਖਿਆ ਜਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਗੱਲਬਾਤ ਅਸਫਲ ਹੋਣ ਤੋਂ ਬਾਅਦ ਹੁਣ ਇਰਾਨ ਨੇ ਫਿਰ ਤੋਂ ਅਮਰੀਕਾ ਨਾਲ ਸੰਪਰਕ ਕੀਤਾ ਹੈ ਅਤੇ ਉਹ ਸਮਝੌਤਾ ਕਰਨਾ ਚਾਹੁੰਦਾ ਹੈ। ਟਰੰਪ ਨੇ ਆਪਣੀ ਪੋਸਟ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਰਾਨ ਅਮਰੀਕਾ ਨਾਲ ਗੱਲਬਾਤ ਕਰਨ ਲਈ ਬੇਚੈਨ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ ਅਤੇ ਇਰਾਨ ਦੇ ਵਿਚਕਾਰ ਚੱਲ ਰਿਹਾ ਤਣਾਅ ਮੁੱਖ ਤੌਰ ‘ਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਹੈ। ਟਰੰਪ ਨੇ ਸਾਫ਼ ਕਿਹਾ ਕਿ ਅਮਰੀਕਾ ਕਦੇ ਵੀ ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਈ ਮੁੱਦਿਆਂ ‘ਤੇ ਸਹਿਮਤੀ ਬਣੀ ਹੈ, ਪਰ ਅਜੇ ਤੱਕ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਕੋਈ ਅੰਤਿਮ ਸਮਝੌਤਾ ਨਹੀਂ ਹੋ ਸਕਿਆ ਹੈ।
ਜ਼ਿਕਰਯੋਗ ਹੈ ਕਿ ਈਰਾਨ ਪਹਿਲਾਂ ਹੀ ਅਮਰੀਕਾ ਦੀਆਂ ਕਈ ਮੰਗਾਂ ਦਾ ਵਿਰੋਧ ਕਰ ਚੁੱਕਾ ਹੈ, ਇਸ ਲਈ ਇਹ ਸਪੱਸ਼ਟ ਨਹੀਂ ਹੈ ਕਿ ਕੀ ਤਹਿਰਾਨ ਡੋਨਾਲਡ ਟਰੰਪ ਦੀਆਂ ਸ਼ਰਤਾਂ ਨੂੰ ਆਸਾਨੀ ਨਾਲ ਸਵੀਕਾਰ ਕਰੇਗਾ ਜਾਂ ਨਹੀਂ। ਜੇਕਰ ਆਉਣ ਵਾਲੇ ਦਿਨਾਂ ਵਿੱਚ ਗੱਲਬਾਤ ਹੁੰਦੀ ਹੈ ਤਾਂ ਅਮਰੀਕਾ-ਈਰਾਨ ਜੰਗਬੰਦੀ ਦੀ ਸਮਾਂ ਸੀਮਾ ਵਧਾਉਣ ਤੇ ਵੀ ਫੈਸਲਾ ਹੋ ਸਕਦਾ ਹੈ।
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ‘ਤੇ ਲਗਾਈ ਗਈ ਸਮੁੰਦਰੀ ਨਾਕਾਬੰਦੀ ਸ਼ੁਰੂ ਹੋ ਗਈ ਹੈ। ਇਹ ਫੈਸਲਾ ਸੋਮਵਾਰ ਸ਼ਾਮ 7:30 ਵਜੇ (ਅਮਰੀਕੀ ਸਮੇਂ ਅਨੁਸਾਰ ਸਵੇਰੇ 10 ਵਜੇ) ਤੋਂ ਲਾਗੂ ਹੋ ਗਿਆ ਹੈ। ਟਰੰਪ ਨੇ ਆਪਣੀ ਪਿਛਲੀ ਪੋਸਟ ਵਿੱਚ ਹੀ ਕਹਿ ਦਿੱਤਾ ਸੀ ਕਿ ਇਸ ਫੈਸਲੇ ਤਹਿਤ ਜੋ ਵੀ ਜਹਾਜ਼ ਹੋਰਮੂਜ਼ ਤੋਂ ਗੁਜ਼ਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਰੋਕ ਕੇ ਜਾਂਚ ਕੀਤੀ ਜਾਵੇਗੀ। ਖਾਸ ਤੌਰ ‘ਤੇ ਉਨ੍ਹਾਂ ਜਹਾਜ਼ਾਂ ‘ਤੇ ਨਜ਼ਰ ਰੱਖੀ ਜਾਵੇਗੀ, ਜੋ ਇਰਾਨ ਨੂੰ ਟੋਲ ਦਿੰਦੇ ਹਨ। ਜੋ ਜਹਾਜ਼ ਇਰਾਨ ਨੂੰ ਗੈਰ-ਕਾਨੂੰਨੀ ਟੋਲ ਦੇਣਗੇ, ਉਨ੍ਹਾਂ ਨੂੰ ਸੁਰੱਖਿਅਤ ਰਸਤਾ ਨਹੀਂ ਦਿੱਤਾ ਜਾਵੇਗਾ। ਟਰੰਪ ਅਨੁਸਾਰ, ਇਸ ਕਦਮ ਨਾਲ ਇਰਾਨ ਦੀ ਆਰਥਿਕ ਤਾਕਤ ਨੂੰ ਘੱਟ ਕੀਤਾ ਜਾਵੇਗਾ।

