ਸ਼ਾਂਤੀ ਦੀ ਉਮੀਦ ਫਿਲਹਾਲ ਧੁੰਦਲੀ! ਟਰੰਪ ਨੇ ਠੁਕਰਾਇਆ ਈਰਾਨ ਦਾ ਜਵਾਬ, ਜੰਗਬੰਦੀ ਗੱਲਬਾਤ ਨੂੰ ਲੈ ਕੇ ਫਿਰ ਵਧੇਗਾ ਤਣਾਅ?

Global Team
3 Min Read

ਵਾਸ਼ਿੰਗਟਨ : ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੇ ਤਣਾਅ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ। 28 ਫਰਵਰੀ ਤੋਂ ਜਾਰੀ ਇਸ ਸੰਘਰਸ਼ ਦੇ ਵਿਚਕਾਰ ਉਮੀਦ ਸੀ ਕਿ ਹੁਣ ਸ਼ਾਂਤੀ ਦਾ ਰਸਤਾ ਨਿਕਲੇਗਾ, ਪਰ ਫਿਲਹਾਲ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਅਮਰੀਕਾ ਅਤੇ ਇਰਾਨ ਵਿਚਾਲੇ ਜਾਰੀ ਤਣਾਅ ਇੱਕ ਵਾਰ ਫਿਰ ਵਧਦਾ ਨਜ਼ਰ ਆ ਰਿਹਾ ਹੈ।

ਦੱਸ ਦਈਏ ਕਿ ਇਰਾਨ ਨੇ ਜੰਗਬੰਦੀ ਨੂੰ ਲੈ ਕੇ ਅਮਰੀਕਾ ਦੇ ਨਵੇਂ ਪ੍ਰਸਤਾਵ ਦਾ ਜਵਾਬ ਪਾਕਿਸਤਾਨ ਰਾਹੀਂ ਭੇਜ ਦਿੱਤਾ ਹੈ, ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਤੁਰੰਤ ਖਾਰਜ ਕਰਦਿਆਂ ‘ਪੂਰੀ ਤਰ੍ਹਾਂ ਨਾ-ਮਨਜ਼ੂਰ’ ਦੱਸਿਆ। ਹਾਲਾਂਕਿ ਟਰੰਪ ਨੇ ਇਹ ਸਾਫ਼ ਨਹੀਂ ਕੀਤਾ ਕਿ ਪ੍ਰਸਤਾਵ ਵਿੱਚ ਅਜਿਹੀਆਂ ਕਿਹੜੀਆਂ ਗੱਲਾਂ ਸਨ ਜਿਨ੍ਹਾਂ ਨੂੰ ਅਮਰੀਕਾ ਮੰਨਣ ਲਈ ਤਿਆਰ ਨਹੀਂ ਹੈ।

ਇਰਾਨੀ ਸਰਕਾਰੀ ਮੀਡੀਆ ਦੇ ਅਨੁਸਾਰ, ਇਸ ਜਵਾਬ ਵਿੱਚ ਜੰਗ ਨੂੰ ਹਰ ਮੋਰਚੇ ‘ਤੇ ਖ਼ਤਮ ਕਰਨ ਦੀ ਗੱਲ ਕਹੀ ਗਈ ਸੀ। ਖ਼ਾਸ ਤੌਰ ‘ਤੇ ਲੇਬਨਾਨ ਵਿੱਚ ਸੰਘਰਸ਼ ਰੋਕਣ ਅਤੇ ਹੋਰਮੁਜ਼ ਜਲਡਮਰੂਮੱਧ ਵਿੱਚ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ।

ਜਵਾਬ ਆਉਂਦੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਨਾਂ ਦੇਰੀ ਕੀਤੇ ਇਸ ਨੂੰ ਠੁਕਰਾ ਦਿੱਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ‘ਮੈਨੂੰ ਇਹ ਪਸੰਦ ਨਹੀਂ ਹੈ। ਬਿਲਕੁਲ ਵੀ ਮਨਜ਼ੂਰ ਨਹੀਂ।’ ਯਾਨੀ ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਇਹ ਪ੍ਰਸਤਾਵ ਅਮਰੀਕਾ ਨੂੰ ਬਿਲਕੁਲ ਮਨਜ਼ੂਰ ਨਹੀਂ ਹੈ।

ਰਿਪੋਰਟਸ ਅਨੁਸਾਰ ਇਰਾਨ ਦਾ ਕਹਿਣਾ ਹੈ ਕਿ ਉਹ ਸਿਰਫ਼ ਆਰਜ਼ੀ ਤੌਰ ‘ਤੇ ਨਹੀਂ ਸਗੋਂ ਸਥਾਈ ਰੂਪ ਵਿੱਚ ਜੰਗ ਖ਼ਤਮ ਕਰਨਾ ਚਾਹੁੰਦਾ ਹੈ। ਤੇਹਰਾਨ ਦੀ ਮੰਗ ਹੈ ਕਿ ਸੰਘਰਸ਼ ਸਿਰਫ਼ ਇਰਾਨ ਤੱਕ ਸੀਮਤ ਨਾ ਰਹੇ, ਸਗੋਂ ਲੇਬਨਾਨ ਸਮੇਤ ਪੂਰੇ ਖੇਤਰ ਵਿੱਚ ਸ਼ਾਂਤੀ ਸਥਾਪਿਤ ਹੋਵੇ। ਇਰਾਨ ਚਾਹੁੰਦਾ ਹੈ ਕਿ ਸਮੁੰਦਰੀ ਵਪਾਰ ਅਤੇ ਤੇਲ ਸਪਲਾਈ ਦੇ ਰਸਤਿਆਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ।

ਅਮਰੀਕਾ ਦੇ ਪ੍ਰਸਤਾਵ ਵਿੱਚ ਜੰਗ ਖ਼ਤਮ ਕਰਨ, ਰਣਨੀਤਕ ਜਲਮਾਰਗ ਹੋਰਮੁਜ਼ ਜਲਡਮਰੂਮੱਧ ਨੂੰ ਦੁਬਾਰਾ ਖੋਲ੍ਹਣ ਅਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ ਦੀਆਂ ਸ਼ਰਤਾਂ ਸ਼ਾਮਲ ਸਨ। ਹੋਰਮੁਜ਼ ਜਲਡਮਰੂਮੱਧ ਨੂੰ ਦੁਨੀਆ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਲਈ ਸਭ ਤੋਂ ਮਹੱਤਵਪੂਰਨ ਰਸਤਾ ਮੰਨਿਆ ਜਾਂਦਾ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment