ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਨਵੰਬਰ ਮਹੀਨੇ ਹੋਣ ਜਾ ਰਹੀਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਵੀ ਕਾਫ਼ੀ ਵਾਰ ਛਿੜਿਆ ਹੈ। ਇਸ ਦੀ ਚਰਚਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਕਰਦੇ ਆ ਰਹੇ ਹਨ।
ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਮਹਾਨ ਲੀਡਰ ਅਤੇ ਵਫਾਦਾਰ ਮਿੱਤਰ ਦੱਸਿਆ। ਇਹ ਪਹਿਲੀ ਵਾਰ ਨਹੀਂ ਕਿ ਰਾਸ਼ਟਰਪਤੀ ਟਰੰਪ ਨੇ ਪੀ.ਐੱਮ ਮੋਦੀ ਦੀ ਤਾਰੀਫ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਟਰੰਪ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਲੁਭਾਉਣ ਲਈ ਅਜਿਹੇ ਬਿਆਨ ਦਿੰਦੇ ਆ ਰਹੇ ਹਨ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਕਹਿ ਚੁੱਕੇ ਹਨ, ਕਿ ਭਾਰਤ ਦਾ ਇਤਿਹਾਸ ਬਹੁਤ ਹੀ ਮਹਾਨ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨੇਕ ਵਿਚਾਰਾਂ ਵਾਲੇ ਇਨਸਾਨ ਹਨ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਸੀ ਕਿ ਉਹ ਭਾਰਤੀ ਇਤਿਹਾਸ ਅਤੇ ਨਰਿੰਦਰ ਮੋਦੀ ਬਾਰੇ ਆਪਣੇ ਪਰਿਵਾਰ ਨਾਲ ਅਕਸਰ ਚਰਚਾ ਕਰਦੇ ਰਹਿੰਦੇ ਹਨ।
ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਤਿੰਨ ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਜਿਸ ਤਹਿਤ ਅਮਰੀਕਾ ਵਿੱਚ ਚੋਣ ਪ੍ਰਚਾਰ ਪੂਰੇ ਜੋਰਾਂ ‘ਤੇ ਹੈ। ਹਰ ਪਾਰਟੀ ਦਾ ਉਮੀਦਵਾਰ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਵਿੱਚ ਰਾਸ਼ਟਰਪਤੀ ਟਰੰਪ ਸਭ ਤੋਂ ਮੋਹਰੀ ਹਨ। ਟਰੰਪ ਅਕਸਰ ਭਾਰਤ ਫੇਰੀ ਦੀ ਚਰਚਾ ਵੀ ਆਪਣੀਆਂ ਚੋਣ ਰੈਲੀਆਂ ‘ਚ ਕਰਦੇ ਆ ਰਹੇ ਹਨ।