ਵਾਸ਼ਿੰਗਟਨ : ਭਾਰਤ ਦੇ ਸਭ ਤੋਂ ਵੱਡੇ ਦੋਸਤ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਭਾਰਤ ਦੀ ਯਾਤਰਾ ‘ਤੇ ਨਾ ਕਰਨ। ਹਾਲਾਂਕਿ ਅਮਰੀਕਾ ਨੇ ਇਸ ਐਡਵਾਈਜ਼ਰੀ ਦੀ ਸਪਸ਼ਟ ਵਜ੍ਹਾ ਨਹੀਂ ਦੱਸੀ ਹੈ ਪਰ ਇਕ ਰਿਪੋਰਟ ਅਨੁਸਾਰ ਅਮਰੀਕਾ ਨੇ ਇਸ ਦਾ ਕਾਰਨ ਭਾਰਤ ਵਿਚ ਕੋਰੋਨਾ ਸੰਕਟ, ਅਪਰਾਧ ਅਤੇ ਅੱਤਵਾਦ ਨੂੰ ਦੱਸਿਆ ਹੈ।
ਦੱਸ ਦਈਏ ਕਿ ਅਮਰੀਕਾ ਨੇ ਭਾਰਤ ਦੀ ਯਾਤਰਾ ਲਈ ਸ਼੍ਰੇਣੀ 4 ਨਿਰਧਾਰਿਤ ਕੀਤੀ ਹੈ, ਜੋ ਬਹੁਤ ਖ਼ਰਾਬ ਮੰਨੀ ਜਾਂਦੀ ਹੈ। ਇਸ ਸ਼੍ਰੇਣੀ ‘ਚ ਭਾਰਤ ਦੇ ਇਲਾਵਾ ਯੁੱਧਗ੍ਰਸਤ ਸੀਰੀਆ, ਅੱਤਵਾਦ ਦਾ ਕੇਂਦਰ ਪਾਕਿਸਤਾਨ, ਈਰਾਨ, ਇਰਾਕ ਤੇ ਯਮਨ ਸ਼ਾਮਲ ਹਨ।
ਅਮਰੀਕਾ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਦਾ ਸੰਕਟ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਦੇ ਇਲਾਵਾ ਦੇਸ਼ ਵਿਚ ਅਪਰਾਧ ਅਤੇ ਅੱਤਵਾਦੀ ਗਤੀਵਿਧੀਆਂ ਵੀ ਤੇਜ਼ੀ ਨਾਲ ਵੱਧ ਰਹੀਆਂ ਹਨ। ਇਸ ਦੇ ਮੱਦੇਨਜ਼ਰ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਨਾਗਰਿਕਾਂ ਨੂੰਭਾਰਤ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ।
ਇਸ ਤੋਂ ਬਾਅਦ ਇੰਡੀਅਨ ਟੂਰੀਜ਼ਮ ਐਂਡ ਹਾਸਪਟੈਲਿਟੀ ਸੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕੀ ਸਰਕਾਰ ਨੂੰ ਟਰੈਵਲ ਐਡਵਾਇਜ਼ਰੀ ਨੂੰ ਬਦਲਣ ਲਈ ਦਬਾਅ ਪਾਵੇ। ਇਸ ਦੇ ਨਾਲ ਹੀ ਇੰਡੀਅਨ ਟੂਰੀਜ਼ਮ ਸੰਘ ਨੇ ਸਰਕਾਰ ਨੂੰ ਇਸ ਮੁੱਦੇ ਨੂੰ ਪਹਿਲ ਦੇ ਆਧਾਰ ‘ਤੇ ਚੁੱਕੇ ਜਾਣ ਦੀ ਮੰਗ ਕੀਤੀ ਹੈ। 23 ਅਗਸਤ ਨੂੰ ਜਾਰੀ ਇਸ ਟਰੈਵਲ ਐਡਵਾਇਜ਼ਰੀ ਵਿਚ ਭਾਰਤ ਦੇ ਇਲ਼ਾਵਾ ਪਾਕਿਸਤਾਨ, ਸੀਰੀਆ, ਯਮਨ. ਈਰਾਨ ਅਤੇ ਇਰਾਕ ਵਰਗੇ ਹਿੰਸਾ ਪ੍ਰਭਾਵਿਤ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ।