ਤਿਰੰਗੇ ਦਾ ਅਪਮਾਨ ਬਹੁਤ ਮੰਦਭਾਗਾ, ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਨਹੀਂ ਹੋਵੇਗਾ ਨੁਕਸਾਨ: ਕੋਵਿੰਦ

TeamGlobalPunjab
2 Min Read

ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬਜਟ ਸੈਸ਼ਨ ਦੇ ਪਹਿਲੇ ਦਿਨ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਸ਼ਟਰਪਤੀ ਨੇ ਤਿੰਨ ਖੇਤੀ ਕਾਨੂੰਨ, ਕਿਸਾਨ ਅੰਦੋਲਨ ਅਤੇ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਹੋਈ ਹਿੰਸਾ ਦਾ ਜ਼ਿਕਰ ਕੀਤਾ।

ਰਾਸ਼ਟਰਪਤੀ ਨੇ ਕਿਹਾ ਕਿ ਤਿਰੰਗੇ ਅਤੇ ਗਣਤੰਤਰ ਦਿਹਾੜੇ ਵਰਗੇ ਪਵਿੱਤਰ ਦਿਨ ਦਾ ਅਪਮਾਨ ਬਹੁਤ ਮੰਦਭਾਗਾ ਹੈ। ਸੰਵਿਧਾਨ ਸਾਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ, ਉਹੀ ਸੰਵਿਧਾਨ ਸਾਨੂੰ ਸਿਖਾਉਂਦਾ ਹੈ ਕਿ ਕਾਨੂੰਨ ਅਤੇ ਨਿਯਮਾਂ ਦੀ ਗੰਭੀਰਤਾ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਤਿੰਨ ਖੇਤੀਬਾੜੀ ਕਾਨੂੰਨਾਂ ‘ਤੇ ਰਾਸ਼ਟਰਪਤੀ ਨੇ ਕਿਹਾ ਮੇਰੀ ਸਰਕਾਰ ਇਹ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਤਿੰਨ ਨਵੇਂ ਖੇਤੀ ਬਾੜੀ ਕਾਨੂੰਨ ਬਣਨ ਤੋਂ ਪਹਿਲਾਂ ਪੁਰਾਣੀ ਵਿਵਸਥਾ ਤਹਿਤ ਜੋ ਅਧਿਕਾਰ ਤੇ ਸਹੂਲਤਾਂ ਸਨ ਉਹ ਬਰਕਰਾਰ ਰਹਿਣਗੀਆਂ। ਸਗੋਂ ਇਨ੍ਹਾਂ ਸੁਧਾਰਾਂ ਨਾਲ ਸਰਕਾਰ ਨੇ ਕਿਸਾਨਾਂ ਨੂੰ ਨਵੀਂ ਸੁਵਿਧਾਵਾਂ ਉਪਲੱਬਧ ਕਰਵਾਉਣ ਦੇ ਨਾਲ-ਨਾਲ ਨਵੇਂ ਅਧਿਕਾਰ ਵੀ ਦਿੱਤੇ ਹਨ।

ਉਨ੍ਹਾਂ ਕਿਹਾ ਇਨ੍ਹਾਂ ਕਾਨੂੰਨਾਂ ਦਾ ਸਭ ਤੋਂ ਵੱਧ ਲਾਭ 10 ਕਰੋੜ ਤੋਂ ਵੱਧ ਛੋਟੇ ਕਿਸਾਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਇਸ ਵੇਲੇ ਸੁਪਰੀਮ ਕੋਰਟ ਨੇ ਕਾਨੂੰਨਾਂ ‘ਤੇ ਰੋਕ ਲਗਾਈ ਹੋਈ ਹੈ। ਮੇਰੀ ਸਰਕਾਰ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦੇ ਹੋਏ ਉਸ ਦੀ ਪੂਰੀ ਤਰ੍ਹਾਂ ਪਾਲਣਾ ਕਰੇਗੀ।

Share this Article
Leave a comment