ਨਵੀ ਦਿੱਲੀ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਉਨ੍ਹਾਂ ਦੀ ਪਤਨੀ ਬ੍ਰਿਜਿਟ ਮੈਕਰੋਨ ਭਾਰਤ ਦੌਰੇ ਲਈ ਮੁੰਬਈ ਪਹੁੰਚ ਗਏ ਹਨ। ਫਰਾਂਸ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਦਾ ਮੁੰਬਈ ਹਵਾਈ ਅੱਡੇ ‘ਤੇ ਮਹਾਰਾਸ਼ਟਰ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਵਾਗਤ ਕੀਤਾ।
ਦੱਸ ਦੇਈਏ ਕਿ ਮੈਕਰੋਨ 3 ਦਿਨਾਂ ਦੇ ਭਾਰਤ ਦੌਰੇ ‘ਤੇ ਆਏ ਹਨ। ਇਸ ਦੌਰਾਨ ਉਹ ਦਿੱਲੀ ਵਿੱਚ ਚੱਲ ਰਹੀ AI ਸਮਿਟ ਵਿੱਚ ਸ਼ਾਮਲ ਹੋਣਗੇ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੁੰਬਈ ਜਾ ਰਹੇ ਹਨ, ਜਿੱਥੇ ਉਨ੍ਹਾਂ ਦੀ ਮੁਲਾਕਾਤ ਇਮੈਨੁਅਲ ਮੈਕਰੋਨ ਨਾਲ ਹੋਵੇਗੀ। ਪੀਐਮ ਮੋਦੀ ਦੇ ਸੱਦੇ ‘ਤੇ ਹੀ ਇਮੈਨੁਅਲ ਮੈਕਰੋਨ 19 ਫਰਵਰੀ 2026 ਤੱਕ ਭਾਰਤ ਦੇ ਅਧਿਕਾਰਤ ਦੌਰੇ ‘ਤੇ ਆਏ ਹਨ। ਉਹ ਭਾਰਤ ਵਿੱਚ ਹੋ ਰਹੇ ‘ਏਆਈ ਇਮਪੈਕਟ ਸਮਿਟ’ ਵਿੱਚ ਹਿੱਸਾ ਲੈਣਗੇ। ਰਾਸ਼ਟਰਪਤੀ ਮੈਕਰੋਨ ਦਾ ਇਹ ਚੌਥਾ ਭਾਰਤ ਦੌਰਾ ਅਤੇ ਪਹਿਲਾ ਮੁੰਬਈ ਦੌਰਾ ਹੈ।
ਪੀਐਮ ਮੋਦੀ ਅਤੇ ਇਮੈਨੁਅਲ ਮੈਕਰੋਨ ਅੱਜ ਦੁਪਹਿਰ 3:15 ਵਜੇ ਮੁੰਬਈ ਦੇ ਲੋਕ ਭਵਨ ਵਿੱਚ ਦੁਵੱਲੀ ਮੀਟਿੰਗ ਕਰਨਗੇ। ਇਸ ਮੀਟਿੰਗ ਦੌਰਾਨ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਵਿੱਚ ਹੋਏ ਵਿਕਾਸ ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਦੀ ਗੱਲਬਾਤ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਇਸ ਨੂੰ ਨਵੇਂ ਅਤੇ ਉੱਭਰਦੇ ਖੇਤਰਾਂ ਵਿੱਚ ਹੋਰ ਵਿਭਿੰਨਬਣਾਉਣ ‘ਤੇ ਕੇਂਦਰਿਤ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੋਨ ਖੇਤਰੀ ਅਤੇ ਵਿਸ਼ਵ ਪੱਧਰੀ ਮਹੱਤਤਾ ਦੇ ਮੁੱਦਿਆਂ ‘ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ‘ਐਕਸ’ (X) ‘ਤੇ ਲਿਖਿਆ, “ਫਰਾਂਸ ਗਣਰਾਜ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਾ ਨਿੱਘਾ ਸਵਾਗਤ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਮੈਕਰੋਨ ਵਿਚਕਾਰ ਦੁਵੱਲੀ ਮੀਟਿੰਗ ਹੋਵੇਗੀ। ਦੋਵੇਂ ਆਗੂ ‘ਨਵੀਨਤਾ ਸਾਲ 2026’ ਦੀ ਸ਼ੁਰੂਆਤ ਕਰਨਗੇ। ਇਹ ਯਾਤਰਾ ਭਾਰਤ-ਫਰਾਂਸ ਦੀ ਸਰਗਰਮ ਰਣਨੀਤਕ ਭਾਈਵਾਲੀ ਨੂੰ ਹੋਰ ਗਤੀ ਦੇਵੇਗੀ।
ਦੁਪਹਿਰ ਦੀ ਮੁਲਾਕਾਤ ਤੋਂ ਬਾਅਦ, ਦੋਵੇਂ ਆਗੂ ਸ਼ਾਮ ਲਗਭਗ 5:15 ਵਜੇ ‘ਭਾਰਤ-ਫਰਾਂਸ ਨਵੀਨਤਾ ਸਾਲ 2026’ (India-France Year of Innovation 2026) ਦਾ ਉਦਘਾਟਨ ਕਰਨਗੇ ਅਤੇ ਦੋਵਾਂ ਦੇਸ਼ਾਂ ਦੇ ਕਾਰੋਬਾਰੀ ਆਗੂਆਂ, ਸਟਾਰਟ-ਅੱਪਸ, ਖੋਜਕਰਤਾਵਾਂ ਅਤੇ ਹੋਰ ਨਵੀਨਤਾਕਾਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਨਗੇ। ਮੈਕਰੋਨ 19 ਫਰਵਰੀ ਨੂੰ ਨਵੀਂ ਦਿੱਲੀ ਵਿੱਚ ‘ਏਆਈ ਇਮਪੈਕਟ ਸਮਿਟ’ ਵਿੱਚ ਹਿੱਸਾ ਲੈਣਗੇ।

